ਸੜਕ ਹਾਦਸਿਆਂ ''ਚ 2 ਵਿਅਕਤੀਆਂ ਦੀ ਮੌਤ

10/23/2017 5:44:35 AM

ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਪਿੰਡ ਖੂਈਖੇੜਾ ਦੀ ਨਹਿਰ ਦੇ ਪੁਲ ਨੇੜੇ ਬੀਤੀ ਦੇਰ ਸ਼ਾਮ ਕਿਸੇ ਅਣਪਛਾਤੇ ਵ੍ਹੀਕਲ ਦੀ ਟੱਕਰ ਨਾਲ ਡਿਊਟੀ ਕਰਕੇ ਵਾਪਸ ਪਿੰਡ ਜਾ ਰਹੇ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ। 
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਸੁਰਜੀਤ ਸਿੰਘ (57) ਵਾਸੀ ਪਿੰਡ ਘੱਲੂ ਦੇ ਬੇਟੇ ਰਾਜਪਾਲ ਨੇ ਦੱਸਿਆ ਕਿ ਉਸਦਾ ਪਿਤਾ ਸੁਰਜੀਤ ਸਿੰਘ ਬਤੌਰ ਹੌਲਦਾਰ ਜ਼ਿਲਾ ਕਚਿਹਰੀ ਵਿਚ ਸਥਿਤ ਅਦਾਲਤ ਸੰਦੀਪ ਜੋਸ਼ਨ ਐਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਵਿਖੇ ਨਾਇਬ ਕੋਰਟ ਲੱਗਿਆ ਹੋਇਆ ਸੀ ਤੇ 21 ਅਕਤੂਬਰ ਨੂੰ ਸ਼ਾਮ ਲਗਭਗ 6 ਵਜੇ ਜਦੋਂ ਉਹ ਅਤੇ ਉਸਦਾ ਪਿਤਾ ਆਪਣੇ ਅਲੱਗ-ਅਲੱਗ ਮੋਟਰਸਾਈਕਲਾਂ 'ਤੇ ਵਾਪਸ ਆਪਣੇ ਪਿੰਡ ਘੱਲੂ ਨੂੰ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਹਨੂਮਾਨ ਮੰਦਰ ਦੇ ਕੋਲ ਕਿਸੇ ਕੰਮ ਲਈ ਰੁੱਕ ਗਿਆ। ਉਸਨੇ ਦੱਸਿਆ ਕਿ ਜਦੋਂ ਉਹ ਪਿੰਡ ਖੂਈਖੇੜਾ ਦੇ ਨੇੜੇ ਸਥਿਤ 6 ਮਾਸੀ ਨਹਿਰ ਦੇ ਪੁਲ 'ਤੇ ਪਹੁੰਚਿਆ ਤਾਂ ਸੜਕ ਦੇ ਇਕ ਪਾਸੇ ਉਸਦੇ ਪਿਤਾ ਦਾ ਮੋਟਰਸਾਈਕਲ ਡਿੱਗਿਆ ਪਿਆ ਸੀ ਅਤੇ ਉੱਥੇ ਵੱਡੀ ਗਿਣਤੀ ਵਿਚ ਲੋਕ ਖੜ੍ਹੇ ਸਨ ਅਤੇ ਇਕ ਰਾਹਗੀਰ ਨੇ ਦੱਸਿਆ ਕਿ ਸੜਕ ਹਾਦਸੇ ਵਿਚ ਜ਼ਖ਼ਮੀ ਵਿਅਕਤੀ ਨੂੰ 108 ਨੰਬਰ ਐਂਬੂਲੈਂਸ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਲੈ ਕੇ ਗਈ ਹੈ, ਜਦੋਂ ਜ਼ਖ਼ਮੀ ਹਾਲਤ ਵਿਚ ਉਸਦੇ ਪਿਤਾ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। 
ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਮ੍ਰਿਤਕ ਦੇ ਬੇਟੇ ਰਾਜਪਾਲ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵ੍ਹੀਕਲ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 
ਗੁਰੂਹਰਸਹਾਏ, (ਆਵਲਾ)—ਪਿੰਡ ਜੀਵਾਂ ਅਰਾਈ ਵਿਚ ਬੀਤੇ ਦਿਨ ਟਰੱਕ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋਣ ਉਪਰੰਤ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਫਲਕ ਸਿੰਘ ਪੁੱਤਰ ਲਾਲ ਸਿੰਘ ਵਾਸੀ ਜੀਵਾ ਅਰਾਈ ਨੇ ਦੋਸ਼ ਲਾਇਆ ਕਿ ਉਸਦਾ ਭਰਾ ਗੁਰਮੀਤ ਸਿੰਘ ਆਪਣੀ ਜ਼ਮੀਨ 'ਚ ਚੱਕਰ ਲਾਉਣ ਲਈ ਮੋਟਰਸਾਈਕਲ 'ਤੇ ਗਿਆ ਸੀ ਤੇ ਰਸਤੇ ਵਿਚ ਬਲਵਿੰਦਰ ਸਿੰਘ ਨੇ ਆਪਣਾ ਟਰੱਕ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਉਸਦੇ ਭਰਾ ਦੇ ਮੋਟਰਸਾਈਕਲ ਵਿਚ ਮਾਰਿਆ, ਜਿਸ ਨਾਲ ਉਸਦਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸਨੂੰ ਇਲਾਜ ਦੇ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਟਰੱਕ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।