ਕਤਲ ਦੇ 2 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

08/15/2017 2:42:16 AM

ਹੁਸ਼ਿਆਰਪੁਰ, (ਅਮਰਿੰਦਰ)- ਕਰੀਬ 5 ਸਾਲ ਪਹਿਲਾਂ ਇਕ ਮਜ਼ਦੂਰ ਸੈਫੂ ਨੂੰ ਕਤਲ ਕਰਨ ਦੇ 2 ਦੋਸ਼ੀਆਂ ਹਰਦਿਆਲ ਸਿੰਘ ਪੁੱਤਰ ਨਾਰੰਗ ਸਿੰਘ ਤੇ ਕੁਲਵੰਤ ਸਿੰਘ ਉਰਫ ਬਿੱਟੂ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਬੋਦਲ ਨੂੰ ਮਾਣਯੋਗ ਅਦਾਲਤ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਦੇ ਨਾਲ 50-50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ ਦੋਨਾਂ ਹੀ ਦੋਸ਼ੀਆਂ ਹਰਦਿਆਲ ਸਿੰਘ ਤੇ ਕੁਲਵੰਤ ਸਿੰਘ ਨੂੰ 6-6 ਮਹੀਨੇ ਦੀ ਕੈਦ ਹੋਰ ਕੱਟਣੀ ਹੋਵੇਗੀ।
ਕੀ ਹੈ ਮਾਮਲਾ : ਗੌਰਤਲਬ ਹੈ ਕਿ 9 ਸਤੰਬਰ 2012 ਨੂੰ ਬੋਦਲ ਪਿੰਡ 'ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਸੀ। ਦਸੂਹਾ ਪੁਲਸ ਨੇ ਹਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਬੋਦਲ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ 'ਚ ਮ੍ਰਿਤਕ ਦੀ ਪਛਾਣ ਇੰਦੋਰਾ ਹਿਮਾਚਲ ਪ੍ਰਦੇਸ਼ ਦੇ ਸੈਫੂ ਦੇ ਤੌਰ 'ਤੇ ਹੋਈ। 
ਮ੍ਰਿਤਕ ਸੈਫੂ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ 
ਸੈਫੂ ਅਕਸਰ ਹਰਦਿਆਲ ਸਿੰਘ ਪੁੱਤਰ ਨਾਰੰਗ ਸਿੰਘ ਤੇ ਕੁਲਵੰਤ ਸਿੰਘ ਉਰਫ ਬਿੱਟੂ ਪੁੱਤਰ ਜਗਦੀਸ਼ ਸਿੰਘ ਕੋਲ ਕੰਮ ਕਰਨ ਜਾਂਦਾ ਸੀ। ਪੁਲਸ ਜਾਂਚ 'ਚ ਪਤਾ ਲੱਗਾ ਕਿ ਨਿੱਜੀ ਰੰਜਿਸ਼ ਨੂੰ ਲੈ ਕੇ ਹਰਦਿਆਲ ਸਿੰਘ ਤੇ ਕੁਲਵੰਤ ਸਿੰਘ ਨੇ ਹੀ ਸੈਫੂ ਨੂੰ ਕਤਲ 
ਕਰ ਕੇ ਉਸ ਦੀ ਲਾਸ਼ ਨੂੰ ਪਿੰਡ ਦੇ ਖੇਤਾਂ 'ਚ ਸੁੱਟ ਦਿੱਤਾ ਸੀ।