ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

04/18/2018 2:09:09 AM

ਬਟਾਲਾ,   (ਸੈਂਡੀ)-  ਥਾਣਾ ਘੁਮਾਣ ਅਧੀਨ ਆਉਂਦੀ ਚੌਕੀ ਊਧਨਵਾਨ ਦੀ ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ 4.12.16 ਨੂੰ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਾਥਪੁਰ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਹੁਰੇ ਪਿੰਡ ਜਾ ਰਿਹਾ ਸੀ ਕਿ ਪਿੰਡ ਮੋਕਲ ਨੇੜੇ 3 ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਗੁਰਪ੍ਰੀਤ ਦੇ ਸਿਰ 'ਚ ਪਿੱਛੋਂ ਬੇਸਬੈਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਉਕਤ ਨੌਜਵਾਨਾਂ ਨੇ ਉਸਦੇ ਪਰਸ 'ਚੋਂ 3500 ਰੁਪਏ ਕੱਢ ਲਏ ਤੇ ਮੌਕੇ ਤੋਂ ਫਰਾਰ ਹੋ ਗਏ। 
ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਥਾਣੇ ਵਿਚ ਕੇਸ ਦਰਜ ਸੀ ਜਿਨ੍ਹਾਂ ਨੂੰ ਬੀਤੀ ਦੇਰ ਸ਼ਾਮ ਖਾਸ ਮੁਖਬਰ ਦੀ ਇਤਲਾਹ 'ਤੇ ਸੂਆ ਪੁਲੀ ਖਜਾਲਾ ਤੋਂ ਗ੍ਰਿਫਤਾਰ ਕੀਤਾ ਗਿਆ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਨਿਰਮਲਜੀਤ ਸਿੰਘ ਉਰਫ ਨਿੰਮਾ ਪੁੱਤਰ ਜਗਤਾਰ ਸਿੰਘ ਵਾਸੀ ਬਾਬਾ ਬਕਾਲਾ ਥਾਣਾ ਬਿਆਸ ਅਤੇ ਸਕੱਤਰ ਸਿੰਘ ਉਰਫ ਸੱਤਾ ਪੁੱਤਰ ਚਰਨਜੀਤ ਸਿੰਘ ਵਾਸੀ ਧਰਦੇਊ ਵਜੋਂ ਹੋਈ ਹੈ ਅਤੇ ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਸਨ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਇਨ੍ਹਾਂ ਨੇ ਹੀ ਲੁੱਟਿਆ ਸੀ। ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰ. 86 ਧਾਰਾ, 379-ਬੀ ਤਹਿਤ ਕੇਸ ਦਰਜ ਕਰ ਲਿਆ ਹੈ।