ਕਾਰ ''ਚ ਦਮ ਘੁਟਣ ਨਾਲ 2 ਬੱਚਿਆਂ ਦੀ ਮੌਤ

08/15/2017 1:46:07 AM

ਸਮਾਲਸਰ, (ਸੁਰਿੰਦਰ)- ਸਥਾਨਕ ਕਸਬਾ ਸਮਾਲਸਰ (ਮੋਗਾ) ਵਿਖੇ 2 ਛੋਟੇ ਬੱਚਿਆਂ ਦੀ ਕਾਰ 'ਚ ਦਮ ਘੁੱਟਣ ਅਤੇ ਗਰਮੀ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਮਿਲੀ ਜਾਣਕਾਰੀ ਅਨੁਸਾਰ ਮਾਸਟਰ ਗੁਰਦੇਵ ਸਿੰਘ, ਜੋ ਕਿ ਕੈਨੇਡਾ ਗਏ ਹੋਏ ਹਨ, ਉਨ੍ਹਾਂ ਦੇ ਘਰ ਦੇ ਪਿਛਲੇ ਕਮਰਿਆਂ 'ਚ ਰਹਿੰਦੇ ਪ੍ਰਵਾਸੀ ਬਿਹਾਰੀ ਮਜ਼ਦੂਰ ਰਮੇਸ਼ ਦੇ ਦੋ ਬੱਚੇ, ਜਿਨ੍ਹਾਂ ਦੀ ਉਮਰ ਕਰੀਬ 9 ਅਤੇ 7 ਸਾਲ ਦੱਸੀ ਜਾਂਦੀ ਹੈ, ਖੇਡਦੇ ਸਮੇਂ ਦੁਪਹਿਰ ਸਮੇਂ ਕਾਰ ਵਿਚ ਵੜ ਗਏ ਅਤੇ ਕਾਰ ਦਾ ਲਾਕ ਲੱਗ ਗਿਆ। ਲੋਕਾਂ ਦੇ ਦੱਸਣ ਅਨੁਸਾਰ ਬੱਚੇ ਅੰਦਰ ਤਾਂ ਵੜ ਗਏ ਪਰ ਉਹ ਗੱਡੀ ਦੀ ਬਾਰੀ ਆਦਿ ਨਾ ਖੋਲ੍ਹ ਸਕੇ। ਦੁਪਹਿਰ ਹੋਣ ਕਾਰਨ ਗਰਮੀ ਅਤੇ ਸਾਹ ਘੁੱਟਣ ਨਾਲ ਬੱਚਿਆਂ ਦੀ ਦਮ ਘੁਟਣ ਨਾਲ ਮੌਤ ਹੋ ਗਈ। 
ਲੋਕਾਂ ਦੇ ਦੱਸਣ ਅਨੁਸਾਰ ਬੱਚਿਆਂ ਦੀ ਨਾਜ਼ੁਕ ਚਮੜੀ ਬੁਰੀ ਤਰ੍ਹਾਂ ਛਿੱਲੀ ਹੋਈ ਸੀ। ਬੱਚਿਆਂ ਨੇ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਹੋਵੇਗੀ, ਜਿਸ ਨਾਲ ਵੀ ਉਨ੍ਹਾਂ ਦੇ ਸਰੀਰ 'ਤੇ ਜ਼ਖ਼ਮ ਹੋਣਾ ਮੰਨਿਆ ਜਾ ਰਿਹਾ ਹੈ। ਬੱਚਿਆਂ ਦਾ ਪਿਤਾ ਰਮੇਸ਼ ਕੁਮਾਰ ਵਾਸੀ ਬਿਹਾਰ, ਬਾਘਾਪੁਰਾਣਾ ਵਿਖੇ ਮਜ਼ਦੂਰੀ ਦੇ ਕੰਮ 'ਤੇ ਗਿਆ ਹੋਇਆ ਸੀ ਅਤੇ ਘਰ 'ਚ ਮਾਂ ਅਤੇ ਦੂਜੇ ਭੈਣ-ਭਰਾਵਾਂ ਨੂੰ ਕਰੀਬ 4 ਕੁ ਵਜੇ ਦੇ ਆਸ-ਪਾਸ ਪਤਾ ਲੱਗਾ, ਜਦੋਂ ਇਨ੍ਹਾਂ ਬੱਚਿਆਂ ਨੂੰ ਦੁਕਾਨਦਾਰਾਂ ਨੇ ਕਾਰ 'ਚੋਂ ਬਾਹਰ ਕੱਢਿਆ ਤਾਂ ਬੱਚੇ ਬੇਹੋਸ਼ ਸਨ, ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਵੱਲੋਂ ਬੱਚਿਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਿਸ 'ਚੋਂ ਇਕ ਬੱਚੀ ਦਾ ਨਾਂ ਮੀਨਾ ਕੁਮਾਰੀ (9) ਅਤੇ ਲੜਕੇ ਦਾ ਨਾਂ ਭਾਨੂ ਪ੍ਰਤਾਪ (7) ਹੈ ਅਤੇ ਜਿਸ ਕਾਰ ਵਿਚ ਬੱਚਿਆਂ ਦੀ ਮੌਤ ਹੋਈ ਹੈ, ਉਹ ਕਿਸੇ ਭਲੂਰ ਨਿਵਾਸੀ ਦੀ ਹੈ।  ਇਸ ਸਬੰਧੀ ਸਥਾਨਕ ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।