ਨਵੇਂ ਸਾਲ ਦੀ ਆਮਦ ’ਤੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਰਾਤ ਨੂੰ ਸੁੱਤੇ ਦੋ ਭਰਾ ਸਵੇਰੇ ਨਾ ਉੱਠੇ

01/01/2023 6:30:49 PM

ਮੋਗਾ (ਗੋਪੀ ਰਾਊਕੇ, ਆਜ਼ਾਦ) : ਮੋਗਾ ਜ਼ਿਲ੍ਹੇ ਵਿਚ ਸਾਲ 2022 ਦੇ ਆਖਰੀ ਦਿਨ ਨਸ਼ੇ ਦੀ ਓਵਰਡੋਜ਼ ਨਾਲ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ਨੇ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਧਰਮਕੋਟ ਦੀ ਪੁਲਸ ਨੇ ਇਸ ਮਾਮਲੇ ਵਿਚ 4 ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਕਾਰ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਝਤਰਾ (ਫਿਰੋਜ਼ਪੁਰ) ਨੇ ਦਰਜ ਕਰਵਾਇਆ ਕਿ ਉਸਦਾ ਲੜਕਾ ਰਾਜੂ ਸਿੰਘ (24) ਅਤੇ ਉਸ ਦਾ ਭਤੀਜਾ ਰਿੰਕੂ ਪੁੱਤਰ ਮੱਖਣ ਸਿੰਘ ਜੋ ਕਥਿਤ ਤੌਰ ’ਤੇ ਪਿਛਲੇ ਕਾਫੀ ਸਮੇਂ ਤੋਂ ‘ਚਿੱਟੇ’ ਨਸ਼ੇ ਦੇ ਆਦੀ ਸਨ ਅਤੇ ਪਿੰਡ ਕਾਲਾ ਜ਼ਿਲ੍ਹਾ ਤਰਨਤਾਰਨ ਵਿਖੇ ਕਰਮਜੀਤ ਸਿੰਘ ਵਾਸੀ ਨੂਰਪੁਰ ਹਕੀਮਾਂ ਨਾਲ ਮਜ਼ਦੂਰੀ ਕਰਦੇ ਸਨ। ਇਸ ਦੌਰਾਨ ਹੀ ਉਹ ਕਥਿਤ ਤੌਰ ’ਤੇ ਪਿੰਡ ਨੂਰਪੁਰ ਹਕੀਮਾਂ ਦੇ ਮੰਗਾ ਸਿੰਘ ਅਤੇ ਅਮਰਜੀਤ ਸਿੰਘ ਤੋਂ ਨਸ਼ਾ ਖਰੀਦਦੇ ਸਨ।

ਇਹ ਵੀ ਪੜ੍ਹੋ : ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਨੇ ਚਾੜ੍ਹ ਦਿੱਤਾ ਚੰਨ, ਜਦੋਂ ਪਰਿਵਾਰ ਨੂੰ ਕਰਤੂਤ ਪਤਾ ਲੱਗੀ ਤਾਂ ਉੱਡੇ ਹੋਸ਼

ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਨਸ਼ੇ ਦੀ ਸਪਲਾਈ ਨਾ ਕਰਨ ਲਈ ਵੀ ਕਿਹਾ ਗਿਆ ਸੀ ਪਰ ਫ਼ਿਰ ਵੀ ਉਹ ਨਸ਼ਾ ਵੇਚਦੇ ਰਹੇ। ਲੰਘੀ ਰਾਤ ਰਾਜੂ ਅਤੇ ਰਿੰਕੂ ਦੋਹਾਂ ਨੇ ਨਸ਼ੇ ਦੇ ਟੀਕੇ ਲਗਾ ਲਏ ਅਤੇ ਉਹ ਕਰਮਜੀਤ ਸਿੰਘ ਦੇ ਘਰ ਹੀ ਰਹਿ ਪਏ। ਇਸ ਮਗਰੋਂ ਜਦੋਂ ਤੜਕਸਾਰ ਦੇਖਿਆ ਤਾਂ ਦੋਹਾਂ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ’ਤੇ ਮੰਗਾ ਸਿੰਘ ਪੁੱਤਰ ਜੋਗਿੰਦਰ ਸਿੰਘ, ਅਮਰਜੀਤ ਸਿੰਘ ਅੰਬੂ ਪੁੱਤਰ ਪੱਪੂ ਸਿੰਘ ਨੂਰਪੁਰ ਹਕੀਮਾਂ ਅਤੇ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਵੱਡਾ ਖ਼ੁਲਾਸਾ, ਤਿੰਨ ਮਹੀਨਿਆਂ ’ਚ ਰੋਟੀ-ਪਾਣੀ ’ਤੇ ਖਰਚੇ 60 ਲੱਖ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh