ਸਕੂਲ ਵਿਚ ਚੋਰੀ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ

11/21/2017 4:28:37 AM

ਕਪੂਰਥਲਾ, (ਭੂਸ਼ਣ)- ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਸਰਕਾਰੀ ਸਕੂਲ ਤੋਂ ਕੰੰਪਿਊਟਰ ਦਾ ਸਾਜੋ ਸਾਮਾਨ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ। ਉੱਥੇ ਹੀ ਮੁਲਜ਼ਮਾਂ ਦੇ ਤੀਜੇ ਸਾਥੀ ਦੀ ਤਲਾਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਰਜ਼ਾਪੁਰ ਮੋੜ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ।ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਆਪਣੇ ਨਾਮ ਮਨਜੀਤ ਸਿੰਘ ਉਰਫ ਬਿੱਲੀ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਔਜਲਾ ਜੋਗੀ ਅਤੇ ਰਾਜਬੀਰ ਸਿੰਘ ਉਰਫ ਰਾਜੂ ਪੁਤਰ ਮਹਿੰਦਰ ਸਿੰਘ ਨਿਵਾਸੀ ਔਜਲਾ ਬਨਵਾਲੀ ਦੱਸਿਆ । ਪੁੱਛਗਿਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੇ 14-15 ਨਵੰਬਰ ਦੀ ਰਾਤ ਪਿੰਡ ਜਵਾਲਾਪੁਰ ਦੇ ਸਰਕਾਰੀ ਹਾਈ ਸਕੂਲ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਮੋਨੀਟਰ, ਸੀ. ਪੀ. ਯੂ, ਕੀ-ਬੋਰਡ, ਮਾਊਸ ਅਤੇ ਹੋਰ ਕੰੰਪਿਊਟਰ ਸਾਜੋ-ਸਾਮਾਨ ਚੋਰੀ ਕੀਤਾ ਸੀ । ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸਦਰ ਪੁਲਸ ਨੇ ਇਕ ਮੋਨੀਟਰ, 3 ਸੀ. ਪੀ. ਯੂ, ਕੀ-ਬੋਰਡ ਅਤੇ 2 ਨੈੱਟਵਰਕ ਡਿਵਾਇਸ ਬਰਾਮਦ ਕੀਤੇ ਹਨ।  ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣੇ ਇਕ ਹੋਰ ਸਾਥੀ ਪਰਮਜੀਤ ਸਿੰਘ ਦੇ ਨਾਮ ਦਾ ਖੁਲਾਸਾ ਕੀਤਾ ਹੈ, ਜਿਸ ਦੀ ਤਲਾਸ਼ ਜਾਰੀ ਹੈ। ਉਥੇ ਹੀ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਨੇ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।