ਮਨਮੋਹਨ ਸਿੰਘ ਦੇ ਜਨਮ ਦਿਨ ''ਤੇ ''ਟਵਿਟਰ ਪਾਰਟੀ''

09/29/2017 1:53:08 AM

ਜਲੰਧਰ  (ਧਵਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹੈਪੀ ਬਰਥ ਡੇ ਕਹਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਦੀ ਇੱਛਾ ਕੀਤੀ ਹੈ ਪਰ ਟਵਿਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੋਚਕਾਂ ਨੇ ਇਸ ਮੌਕੇ 'ਤੇ ਮੋਦੀ ਸਰਕਾਰ ਵਲੋਂ ਅਰਥਵਿਵਸਥਾ ਨੂੰ ਸੰਭਾਲਣ 'ਚ ਵਰਤੀ ਗਈ ਲਾਪਰਵਾਹੀ ਨੂੰ ਲੈ ਕੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ।ਡਾ. ਮਨਮੋਹਨ ਸਿੰਘ ਦੇ 85ਵੇਂ ਜਨਮ ਦਿਨ ਦੇ ਮੌਕੇ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਕਾਂਗਰਸੀ ਨੇਤਾ ਮਨੀਸ਼ ਤਿਵਾੜੀ, ਪ੍ਰਫੁੱਲ ਪਟੇਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਨੂੰ ਟਵਿਟਰ 'ਤੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ। ਲਾਲੂ ਪ੍ਰਸਾਦ ਨੇ ਡਾ. ਸਿੰਘ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਕ ਮਹਾਨ ਅਰਥਸ਼ਾਸਤਰੀ, ਸੁਧਾਰਕ ਅਤੇ ਸਟੇਟਸਮੈਨ ਕਰਾਰ ਦਿੱਤਾ ਹੈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਡਾ. ਮਨਮੋਹਨ ਸਿੰਘ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਵਲੋਂ ਆਰਥਿਕ ਫਰੰਟ 'ਤੇ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ।
ਡਾ. ਮਨਮੋਹਨ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਕਾਂਗਰਸ ਸਮਰਥਕਾਂ ਅਤੇ ਹੋਰ ਸ਼ੁਭਚਿੰਤਕਾਂ ਨੇ ਲਿਖਿਆ ਕਿ ਡਾ. ਸਿੰਘ 1991 'ਚ ਦੇਸ਼ 'ਚ ਆਰਥਿਕ ਸੁਧਾਰਾਂ ਦੀ ਲਹਿਰ ਸ਼ੁਰੂ ਕਰਨ ਵਾਲੇ ਵਿਅਕਤੀ  ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ 8 ਫੀਸਦੀ ਦੀ ਸਾਲਾਨਾ ਵਿਕਾਸ ਦਰ ਤੋਂ ਅੱਗੇ ਵਧੀ। ਟਵਿਟਰ 'ਤੇ ਡਾ. ਸਿੰਘ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਨੇ ਇਹ ਵੀ ਲਿਖਿਆ ਕਿ ਡਾ. ਮਨਮੋਹਨ ਸਿੰਘ ਨੇ ਪਿਛਲੇ ਸਾਲ 24 ਨਵੰਬਰ ਨੂੰ ਭਵਿੱਖਵਾਣੀ ਕਰ ਦਿੱਤੀ ਸੀ ਕਿ ਜੀ. ਡੀ. ਪੀ. 'ਚ 2 ਫੀਸਦੀ ਦੀ ਗਿਰਾਵਟ ਆਏਗੀ ਕਿਉਂਕਿ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਕਦਮ ਚੁੱਕਿਆ ਹੈ। ਫਾਈਨਾਂਸ਼ੀਅਲ ਟਾਈਮਜ਼ 'ਚ ਛਪੇ ਇਕ ਲੇਖ 'ਚ ਲਿਖਿਆ ਗਿਆ ਕਿ ਆਖਿਰ ਸਰਕਾਰ ਨੂੰ ਆਪਣੇ ਅਰਥਸ਼ਾਸਤਰਾਂ ਦੀ ਸੁਣਨੀ ਪਈ। ਲੇਖ 'ਚ ਕਿਹਾ ਗਿਆ ਕਿ ਮੋਦੀ ਤੋਂ ਪਹਿਲਾਂ ਪੀ. ਐੱਮ. ਰਹੇ ਡਾ. ਮਨਮੋਹਨ ਸਿੰਘ ਇਕ ਅਰਥਸ਼ਾਸਤਰੀ ਹਨ ਅਤੇ ਉਨ੍ਹਾਂ ਦੀ ਸਲਾਹ 'ਤੇ ਸਰਕਾਰ ਨੂੰ ਅਮਲ ਕਰਨ ਦੀ ਲੋੜ ਹੈ। ਮੋਦੀ ਲਈ ਇਹ ਇਕ ਸਬਕ ਹੈ। ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰਧਾਨ ਮੰਤਰੀ ਲੋੜ ਹੈ, ਜਿਸ 'ਤੇ ਉਹ ਭਰੋਸਾ ਕਰ ਸਕਣ। ਮੌਜੂਦਾ ਪ੍ਰਧਾਨ ਮੰਤਰੀ ਨੇ ਜਨਤਾ ਨਾਲ ਧੋਖਾ ਕੀਤਾ ਹੈ। ਮੋਦੀ ਨੇ ਲੋਕਾਂ ਨੂੰ ਪਹਿਲਾਂ ਸੁਪਨੇ ਦਿਖਾਏ ਫਿਰ ਤੋੜ ਦਿੱਤੇ। ਮੋਦੀ ਨੂੰ ਪਤਾ ਸੀ ਕਿ ਉਹ ਵਾਅਦੇ ਪੂਰੇ ਨਹੀਂ ਕਰ ਸਕਦੇ ਹਨ। ਦੂਜੇ ਪਾਸੇ ਡਾ. ਮਨਮੋਹਨ ਸਿੰਘ ਨੇ ਜੋ ਵਾਅਦਾ ਕੀਤਾ, ਨੂੰ ਈਮਾਨਦਾਰੀ ਨਾਲ ਪੂਰਾ ਕੀਤਾ ਅਤੇ ਅਰਥਵਿਵਸਥਾ ਨੂੰ ਵੀ ਵਿਕਾਸ ਦੀ ਦ੍ਰਿਸ਼ਟੀ ਨਾਲ ਸਿਖਰ 'ਤੇ ਲੈ ਕੇ ਗਏ। ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਪਿੱਛੋਂ ਅਰਥਵਿਵਸਥਾ ਡਾਵਾਂਡੋਲ ਹੋ ਗਈ। ਕੁਝ ਲੋਕਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਮਨਮੋਹਨ ਸਿੰਘ 'ਤੇ ਦੇਸ਼ ਦੀ ਜਨਤਾ ਦਾ ਭਰੋਸਾ ਮੁੜ ਤੋਂ ਵਧ ਗਿਆ ਹੈ ਕਿਉਂਕਿ ਹੁਣ ਉਹ ਮੋਦੀ ਅਤੇ ਮਨਮੋਹਨ ਸਿੰਘ ਦੀਆਂ ਸਰਕਾਰਾਂ ਦਰਮਿਆਨ ਤੁਲਨਾਤਮਕ ਅਧਿਐਨ ਕਰਨ ਦੀ ਹਾਲਤ 'ਚ ਪਹੁੰਚੇ ਚੁੱਕੇ ਹਨ।