ਹੁਣ ਸੀ. ਬੀ. ਐੱਸ. ਈ. ਦੇ ਟਵਿਟਰ ਹੈਂਡਲ ਨਾਲ ਜੁੜਨਗੇ ਸਕੂਲੀ ਪ੍ਰਿੰਸੀਪਲ ਅਤੇ ਮੈਨੇਜਰ

07/18/2019 3:45:15 PM

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਵਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ ਅਤੇ ਹੋਰ ਜਾਣਕਾਰੀਆਂ ਸਕੂਲਾਂ ਤੱਕ ਤੁਰੰਤ ਪਹੁੰਚ ਸਕਣ, ਇਸ ਲਈ ਹੁਣ ਬੋਰਡ ਨਵੀਂ ਪਹਿਲ ਕਰਨ ਜਾ ਰਿਹਾ ਹੈ। ਇਸ ਲੜੀ ਅਧੀਨ ਸੀ. ਬੀ. ਐੱਸ. ਈ. ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੈਨੇਜਰਾਂ ਨੂੰ ਬੋਰਡ ਦੇ ਟਵਿਟਰ ਹੈਂਡਲ ਨਾਲ ਜੁੜਨ ਦਾ ਸੁਝਾਅ ਦਿੱਤਾ ਹੈ। ਬੋਰਡ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਸਕੂਲਾਂ ਦੀ ਸਿੱਖਿਆ ਨਾਲ ਜੁੜੀਆਂ ਨਵੀਆਂ ਅਪਡੇਟ ਜਲਦ ਪ੍ਰਾਪਤ ਹੋ ਜਾਣਗੀਆਂ। ਸੀ. ਬੀ. ਐੱਸ. ਈ. ਦਾ ਕਹਿਣਾ ਹੈ ਕਿ ਉਹ ਆਪਣੇ ਟਵਿਟਰ ਹੈਂਡਲ 'ਤੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਪਰ ਬੋਰਡ ਦੇ ਸੁਝਾਅ ਨੂੰ ਅਮਲ 'ਚ ਲਿਆਉਣ ਲਈ ਹੁਣ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੈਨੇਜਰਾਂ ਨੂੰ ਟਵਿਟਰ 'ਤੇ ਆਪਣੇ ਅਕਾਊਂਟ ਬਣਾਉਣੇ ਹੋਣਗੇ। ਬੋਰਡ ਵਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ 'ਚ ਬਾਕਾਇਦਾ ਸੀ. ਬੀ. ਐੱਸ. ਈ. ਨੇ ਆਪਣੇ ਟਵਿਟਰ ਹੈਂਡਲ ਦਾ ਲਿੰਕ ਵੀ ਦਿੱਤਾ ਹੈ।

ਜਾਣਕਾਰੀ ਮੁਤਾਬਕ ਹੁਣ ਤੱਕ ਸਕੂਲਾਂ ਨੂੰ ਬੋਰਡ ਵਲੋਂ ਹਰ ਜਾਣਕਾਰੀ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ 'ਤੇ ਭੇਜੀ ਜਾਂਦੀ ਹੈ ਪਰ ਕਈ ਵਾਰ ਸਕੂਲ ਨਿਯਮ ਨਾਲ ਵੈੱਬਸਾਈਟ ਚੈੱਕ ਨਹੀਂ ਕਰ ਪਾਉਂਦੇ, ਜਿਸ ਕਾਰਣ ਕਈ ਮਹੱਤਵਪੂਰਨ ਜਾਣਕਾਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਹੁਣ ਜੇਕਰ ਟਵਿਟਰ ਹੈਂਡਲ 'ਤੇ ਸਕੂਲ ਜੁੜਨਗੇ ਤਾਂ ਉਨ੍ਹਾਂ ਨੂੰ ਤੁਰੰਤ ਹੀ ਨੋਟੀਫਿਕੇਸ਼ਨ ਮਿਲਣ 'ਚ ਆਸਾਨੀ ਰਹੇਗੀ। ਇਥੇ ਦੱਸ ਦੇਈਏ ਕਿ ਬੋਰਡ ਤੋਂ ਦੇਸ਼-ਵਿਦੇਸ਼ 'ਚ 21 ਹਜ਼ਾਰ ਦੇ ਕਰੀਬ ਸਕੂਲ ਮਾਨਤਾ ਪ੍ਰਾਪਤ ਹਨ। ਬੋਰਡ ਆਪਣੇ ਮਹੱਤਵਪੂਰਨ ਫੈਸਲਿਆਂ, ਸੂਚਨਾਵਾਂ ਦੀ ਜਾਣਕਾਰੀ ਈ-ਮੇਲ ਜਾਂ ਵੈੱਬਸਾਈਟ, ਨੋਟੀਫਿਕੇਸ਼ਨ, ਨੋਟਿਸ ਅਤੇ ਪ੍ਰੈੱਸ ਰਾਹੀਂ ਵਿਦਿਆਰਥੀਆਂ, ਮਾਪਿਆਂ ਜਾਂ ਅਧਿਆਪਕਾਂ ਤੱਕ ਪਹੁੰਚਾਉਂਦਾ ਹੈ। ਹੁਣ ਟਵਿਟਰ ਹੈਂਡਲ ਨਾਲ ਜੁੜਨ ਕਾਰਣ ਇਹ ਸੂਚਨਾਵਾਂ ਸਕੂਲਾਂ ਨੂੰ ਸੌਖੀਆਂ ਹੀ ਪ੍ਰਾਪਤ ਹੋ ਸਕਣਗੀਆਂ।

60 ਫੀਸਦੀ ਤੋਂ ਘੱਟ ਨਤੀਜੇ ਵਾਲੇ ਅਧਿਆਪਕਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਵੇਗਾ ਬੋਰਡ
ਸੀ. ਬੀ. ਐੱਸ. ਈ. ਨੇ ਹੁਣ ਉਨ੍ਹਾਂ ਸਕੂਲਾਂ ਦੀ ਨਤੀਜਾ ਸੁਧਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦਾ ਪਿਛਲੇ ਸਾਲ ਨਤੀਜਾ 60 ਫੀਸਦੀ ਤੋਂ ਘੱਟ ਰਿਹਾ ਹੈ। ਅਜਿਹੇ 'ਚ ਬੋਰਡ ਨੇ ਹੁਣ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਕੂਲਾਂ ਦੀ ਪਰਫਾਰਮੈਂਸ ਸੁਧਾਰਨ ਦਾ ਫਾਰਮੂਲਾ ਤਿਆਰ ਕੀਤਾ ਹੈ। ਨਾਲ ਹੀ ਜਿਨ੍ਹਾਂ ਸਕੂਲਾਂ ਦਾ ਨਤੀਜਾ ਚੰਗਾ ਰਿਹਾ ਹੈ, ਉਨ੍ਹਾਂ ਦੇ ਅਧਿਆਪਕਾਂ ਦੀ ਕਲਾਸ 'ਚ ਪੜ੍ਹਾਉਣ ਦੀ ਤਕਨੀਕ ਅਤੇ ਬੋਰਡ ਸਟ੍ਰੈਟਜੀ ਨੂੰ ਖਰਾਬ ਪਰਫਾਰਮੈਂਸ ਵਾਲੇ ਸਕੂਲਾਂ ਦੇ ਅਧਿਆਪਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਨੂੰ ਲੈ ਕੇ ਸਕੂਲਾਂ ਵਿਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਥੇ ਇਹ ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ ਇਸ ਸਾਲ ਜਿਨ੍ਹਾਂ ਸਕੂਲਾਂ ਦਾ ਨਤੀਜਾ ਖਰਾਬ ਰਿਹਾ ਹੈ, ਉਨ੍ਹਾਂ ਤੋਂ ਕਾਰਣ ਪੁੱਛਿਆ ਹੈ। ਬੋਰਡ ਨੂੰ ਇਸ ਦੀ ਜਾਣਕਾਰੀ ਹੁਣ ਸਕੂਲਾਂ ਨੂੰ ਦੇਣੀ ਹੋਵੇਗੀ।

ਨਤੀਜੇ ਦੇ ਆਧਾਰ 'ਤੇ ਹੋਵੇਗੀ ਸਕੂਲਾਂ ਦੀ ਗ੍ਰੇਡਿੰਗ
ਸੀ. ਬੀ. ਐੱਸ. ਈ. ਵਲੋਂ ਹੁਣ ਸਕੂਲਾਂ ਦੇ ਪ੍ਰੀਖਿਆ ਨਤੀਜੇ ਦੇ ਮੁਤਾਬਕ ਉਨ੍ਹਾਂ ਨੂੰ ਗ੍ਰੇਡ ਦਿੱਤਾ ਜਾਵੇਗਾ। ਇਹ ਗ੍ਰੇਡਿੰਗ ਉਨ੍ਹਾਂ ਨੂੰ 'ਏ' ਤੋਂ ਲੈ ਕੇ 'ਡੀ' ਕੈਟਾਗਰੀ ਤੱਕ ਤੈਅ ਕੀਤੀ ਜਾਵੇਗੀ। ਇਸ ਵਿਚ ਪਹਿਲੇ ਪੜਾਅ 'ਚ ਉਨ੍ਹਾਂ ਸਕੂਲਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਸਕੂਲਾਂ ਦਾ ਬੋਰਡ ਨਤੀਜਾ ਇਸ ਵਾਰ 60 ਫੀਸਦੀ ਤੋਂ ਘੱਟ ਰਿਹਾ ਹੈ। ਬੋਰਡ ਦਾ ਤਰਕ ਹੈ ਕਿ ਜਦੋਂ ਉਹ ਸਕੂਲਾਂ ਦੀ ਗ੍ਰੇਡਿੰਗ ਤੈਅ ਕਰ ਲਵੇਗਾ ਤਾਂ ਇਸ ਤੋਂ ਬਾਅਦ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਸ ਨਾਲ ਸਕੂਲਾਂ ਦੀ ਸਿੱਖਿਆ ਦੇ ਪੱਧਰ 'ਚ ਸੁਧਾਰ ਆਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦੇ ਨਤੀਜੇ ਸੁਧਰਨ ਦੇ ਨਾਲ ਨਾਲ ਗ੍ਰੇਡਿੰਗ ਬਣਦੀ ਜਾਵੇਗੀ।

Anuradha

This news is Content Editor Anuradha