ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕੀਤੀ 20 ਲੱਖ ਦੀ ਠੱਗੀ, ਮਾਮਲਾ ਦਰਜ

07/31/2019 9:04:19 PM

ਸ੍ਰੀ ਮੁਕਤਸਰ ਸਾਹਿਬ (ਦਰਦੀ)–ਸਿਟੀ ਪੁਲਸ ਮੁਕਤਸਰ ਨੇ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਾਮਦੇਵ ਨਗਰ ਗਲੀ ਨੰ. 1 ਸ੍ਰੀ ਮੁਕਤਸਰ ਸਾਹਿਬ ਜੋ ਕਿ ਇਸ ਸਮੇਂ ਸੈਕਟਰ 80 ਮਕਾਨ ਨੰਬਰ 871 ਮੋਹਾਲੀ ਦਾ ਵਸਨੀਕ ਹੈ, ਵੱਲੋਂ ਡੀ. ਆਈ. ਜੀ. ਬਠਿੰਡਾ ਰੇਂਜ ਨੂੰ ਦਿੱਤੀ ਗਈ ਦਰਖਾਸਤ ਜੋ ਕਿ ਐੱਸ. ਐੱਸ. ਪੀ. ਮੁਕਤਸਰ ਸਾਹਿਬ ਨੂੰ ਪ੍ਰਾਪਤ ਹੋਣ 'ਤੇ ਐੱਸ. ਪੀ. (ਐੱਚ) ਵੱਲੋਂ ਕੀਤੀ ਗਈ ਪੜਤਾਲ ਦੇ ਆਧਾਰ 'ਤੇ ਇਕ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਖਾਨਪੁਰ ਬੰਗਰ ਤਹਿਸੀਲ ਅਤੇ ਜ਼ਿਲਾ ਮੋਹਾਲੀ ਵੱਲੋਂ ਧਾਰਾ 420 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਵੱਲੋਂ ਆਪਣੇ ਪੱਤਰ 'ਚ ਮੰਗ ਕੀਤੀ ਗਈ ਸੀ ਕਿ ਦੋਸ਼ੀ ਨਾਲ ਉਸ ਦੇ ਭਰਾ ਅਤੇ ਕੁਝ ਹੋਰ ਵਿਅਕਤੀਆਂ ਰਾਹੀਂ ਪਛਾਣ ਹੋਈ ਅਤੇ ਉਨ੍ਹਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਦੋਸ਼ੀ ਹਰਵਿੰਦਰ ਸਿੰਘ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਉਸ ਦੇ ਕੈਨੇਡਾ 'ਚ ਚੰਗੇ ਏਜੰਟਾਂ ਨਾਲ ਸਬੰਧ ਹਨ ਅਤੇ ਉਸ ਵੱਲੋਂ ਭੇਜਿਆ ਗਿਆ ਵੀਜ਼ੇ ਦਾ ਕੇਸ ਕਦੇ ਵੀ ਰੱਦ ਨਹੀਂ ਹੁੰਦਾ। ਇਸ 'ਤੇ ਯਕੀਨ ਕਰਦੇ ਹੋਏ ਦੋਸ਼ੀ ਨਾਲ ਉਸ ਦੀ ਗੱਲਬਾਤ ਸ਼ੁਰੂ ਹੋ ਗਈ ਤਾਂ ਹਰਵਿੰਦਰ ਸਿੰਘ ਨੇ ਉਸ ਪਾਸੋਂ 25 ਲੱਖ ਰੁਪਏ ਦੀ ਮੰਗ ਕੀਤੀ, ਜਿਸ 'ਤੇ ਉਸ ਨੇ ਐਨੇ ਪੈਸੇ ਨਾ ਹੋਣ ਬਾਰੇ ਕਹਿ ਕੇ ਗੱਲ ਟਾਲ ਦਿੱਤੀ ਪਰ ਹਰਵਿੰਦਰ ਸਿੰਘ ਦੇ ਲਗਾਤਾਰ ਉਸ ਨਾਲ ਸੰਪਰਕ ਰੱਖਣ 'ਤੇ ਦੋਸ਼ੀ ਨੇ 20 ਲੱਖ ਰੁਪਏ 'ਚ ਉਸ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਇਹ ਰਕਮ ਕੇਵਲ ਨੇੜਤਾ ਕਰ ਕੇ ਤੇਰੇ ਪਾਸੋਂ ਹੀ ਲੈ ਰਿਹਾ ਹਾਂ।

ਹਰਵਿੰਦਰ ਸਿੰਘ ਨੇ ਉਸ ਪਾਸੋਂ 10 ਲੱਖ ਰੁਪਏ ਨਕਦ, ਉਸ ਦਾ ਪਾਸਪੋਰਟ, ਚਾਰ ਫੋਟੋ ਅਤੇ ਹੋਰ ਕਾਗਜ਼ਾਤ 'ਤੇ ਦਸਤਖਤ ਕਰਵਾ ਲਏ ਅਤੇ ਕਾਫੀ ਦੇਰ ਹੋਰ ਰਕਮ ਦੇਣ ਦੀ ਮੰਗ ਕਰਦਾ ਰਿਹਾ ਅਤੇ ਕਿਹਾ ਕਿ ਤੇਰਾ ਕੇਸ ਉਸ ਸਮੇਂ ਤੱਕ ਸਿਰੇ ਨਹੀਂ ਲੱਗ ਸਕਦਾ ਜਦ ਤਕ ਸਾਰੀ ਰਕਮ ਕੈਨੇਡਾ ਵਾਲਿਆਂ ਕੋਲ ਨਹੀਂ ਪਹੁੰਚ ਜਾਂਦੀ ਤਾਂ ਮੈਂ ਮੁਸ਼ਕਲ ਨਾਲ 5 ਲੱਖ ਰੁਪਏ ਰਿਸ਼ਤੇਦਾਰਾਂ ਪਾਸੋਂ ਮੰਗ ਕੇ ਪ੍ਰਬੰਧ ਕੀਤਾ ਅਤੇ 5 ਲੱਖ ਰੁਪਏ ਦਾ ਸੋਨਾ ਵੇਚ ਕੇ ਉਸ ਨੂੰ ਦਿੱਤੇ। ਕਈ ਮਹੀਨੇ ਤੱਕ ਉਡੀਕ ਕਰਨ ਤੋਂ ਬਾਅਦ ਉਹ ਵੀਜ਼ੇ ਬਾਰੇ ਮੈਨੂੰ ਟਾਲ-ਮਟੋਲ ਕਰਦਾ ਰਿਹਾ ਤਾਂ ਮੇਰੇ ਜ਼ੋਰ ਪਾਉਣ 'ਤੇ ਉਸ ਨੇ ਮੈਨੂੰ 1 ਅਗਸਤ 2017 ਦੀ ਤਾਰੀਕ ਪਾ ਕੇ 20 ਲੱਖ ਰੁਪਏ ਦਾ ਚੈੱਕ ਦਿੱਤਾ, ਜਦੋਂ ਮੈਂ ਇਹ ਚੈੱਕ ਬੈਂਕ 'ਚ ਲਾਇਆ ਤਾਂ ਉਹ ਬਾਊਂਸ ਹੋ ਗਿਆ, ਵਾਰ-ਵਾਰ ਮੇਰੇ ਵੱਲੋਂ ਪੈਸੇ ਦੀ ਮੰਗ ਕਰਨ 'ਤੇ ਉਸ ਨੇ ਸਪੱਸ਼ਟ ਜਵਾਬ ਦੇ ਦਿੱਤਾ ਕਿ ਅਸੀਂ ਤਾਂ ਤੇਰੇ ਨਾਲ ਠੱਗੀ ਕਰਨੀ ਸੀ, ਕਰ ਲਈ ਹੈ ਤੂੰ ਜੋ ਕਰਨਾ ਹੈ ਕਰ ਲੈ। ਤਫਤੀਸ਼ ਅਫਸਰ ਪੁਲਸ ਵੱਲੋਂ ਸਾਰਾ ਰਿਕਾਰਡ ਪੜਤਾਲ ਕਰਨ ਅਤੇ ਸਬੰਧਤ ਵਿਅਕਤੀਆਂ ਤੋਂ ਬਿਆਨ ਲੈਣ ਤੋਂ ਬਾਅਦ ਦੋਸ਼ੀ ਹਰਵਿੰਦਰ ਸਿੰਘ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰਨ 'ਤੇ ਇਹ ਮੁਕੱਦਮਾ ਸਿਟੀ ਪੁਲਸ ਵੱਲੋਂ ਦਰਜ ਕਰ ਲਿਆ ਗਿਆ ਹੈ।

Karan Kumar

This news is Content Editor Karan Kumar