ਪੂਰੇ ਪੰਜਾਬ ''ਚ ਟੀ. ਵੀ. ਸੀਰੀਅਲ ''ਰਾਮ ਸੀਆ ਕੇ ਲਵ-ਕੁਸ਼'' ''ਤੇ ਪਾਬੰਦੀ

09/08/2019 12:07:54 AM

ਚੰਡੀਗੜ੍ਹ,(ਭੁੱਲਰ): ਪੰਜਾਬ 'ਚ ਵਾਲਮੀਕਿ ਭਾਈਚਾਰੇ ਦੇ ਬੰਦ ਕਾਰਨ ਪੂਰੇ ਸੂਬੇ 'ਚ ਵਿਵਾਦਤ ਟੀ. ਵੀ. ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਭਾਵੇਂ ਕਿ ਬੀਤੇ ਦਿਨੀਂ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਪਾਬੰਦੀ ਦੇ ਹੁਕਮ ਜਾਰੀ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ। ਸੂਬੇ 'ਚ ਸ਼ਾਂਤੀ ਤੇ ਫਿਰਕੂ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਰਾਤ ਨੂੰ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪ੍ਰਭਾਵ ਨਾਲ ਟੈਲੀਵੀਜ਼ਨ ਲੜੀਵਾਰ 'ਰਾਮ ਸੀਆ ਕੇ ਲਵ-ਕੁਸ਼' ਦੇ ਟੈਲੀਕਾਸਟ ਉਪਰ ਪਾਬੰਦੀ ਲਾ ਦੇਣ, ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਭੜਕੀਆਂ ਹਨ ਤੇ ਉਨ੍ਹਾਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਸੂਬੇ ਭਰ 'ਚ ਡਿਪਟੀ ਕਮਿਸ਼ਨਰਾਂ ਵਲੋਂ ਸ਼ਨਿੱਚਰਵਾਰ ਨੂੰ ਆਪੋ-ਆਪਣੇ ਜ਼ਿਲਿਆਂ 'ਚ ਕੇਬਲ ਆਪਰੇਟਰਾਂ ਨੂੰ ਇਸ ਲੜੀਵਾਰ ਦੇ ਟੈਲੀਕਾਸਟ 'ਤੇ ਰੋਕ ਲਗਾਉਣ ਲਈ ਲੋੜੀਂਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਵਾਲਮੀਕੀ ਭਾਈਚਾਰੇ ਨੇ ਸ਼ਨਿੱਚਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਗੋਲੀ ਲੱਗ ਗਈ, ਜਿਸ ਦਾ ਬਾਅਦ ਵਿਚ ਆਪਰੇਸ਼ਨ ਨਾਲ ਬਚਾਅ ਹੋ ਗਿਆ। ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਭਾਈਚਾਰੇ ਨੂੰ ਖਰਾਬ ਕਰਨ ਦੀ ਜੋ ਵੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੁੱਦੇ 'ਤੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਦੀ ਪੂਰੀ ਕਦਰ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੀ. ਟੀ. ਐੱਚ. ਉਪਰ ਇਸ ਲੜੀਵਾਰ ਦੇ ਟੈਲੀਕਾਸਟ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਡੀ. ਜੀ. ਪੀ. ਨੂੰ ਵੀ ਅਮਨ ਸ਼ਾਂਤੀ ਹਰ ਹਾਲ ਬਣਾਏ ਰੱਖਣ ਦੇ ਹੁਕਮ ਦਿੱਤੇ ਹਨ।