ਮੰਗਾਂ ਨੂੰ ਲੈ ਕੇ ਟਰੱਕ ਯੂਨੀਅਨਾਂ ਵੱਲੋਂ ਦੂਸਰੇ ਦਿਨ ਵੀ ਚੱਕਾ ਜਾਮ

07/26/2018 5:22:37 AM

ਰਾਜਪੁਰਾ, (ਹਰਵਿੰਦਰ, ਇਕਬਾਲ)- ਅਾਪਣੀਅਾਂ ਮੰਗਾਂ ਨੂੰ ਲੈ ਕੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਪੰਜਾਬ ਇਕਾਈ  ਦੁਆਰਾ ਅਤੇ ਟਰੱਕ ਆਪਰੇਟਰ ਯੂਨੀਅਨਾਂ ਵੱਲੋਂ ਸ਼ੰਭੂ ਬੈਰੀਅਰ ’ਤੇ ਵੱਡੇ ਪੱਧਰ ਉੱਤੇ ਦੂਸਰੇ ਦਿਨ ਵੀ ਚੱਕਾ ਜਾਮ ਕੀਤਾ ਗਿਆ। ਧਰਨਾ ਲਾਉਂਦੇ ਹੋਏ ਕੇਂਦਰ ਸਰਕਾਰ  ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜ਼ਿਲਾ ਪਟਿਆਲਾ, ਅੰਬਾਲਾ ਤੇ ਮੋਹਾਲੀ ਜ਼ਿਲਿਅਾਂ ਤੋਂ ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਆਗੂਅਾਂ ਨੇ ਹਿੱਸਾ ਲਿਆ।  ਇਸ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ।  ਹਲਕਾ ਘਨੌਰ ਦੇ ਡੀ. ਐੱਸ. ਪੀ. ਅਸ਼ੋਕ ਕੁਮਾਰ  ਤੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਖੁਦ ਸ਼ੰਭੂ ਬੈਰੀਅਰ ’ਤੇ ਰਹਿ ਕੇ ਪੂਰੇ ਇੰਤਜ਼ਾਮ ਦਾ ਜਾਇਜ਼ਾ ਲਿਆ। ਇਸ ਮੌਕੇ ਕਾਮਰੇਡ ਪ੍ਰੇਮ ਸਿੰਘ ਘਡ਼ਾਮਾ ਤੇ ਪ੍ਰਧਾਨ ਜਸਮੇਰ ਸਿੰਘ ਲਾਛਡ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਟਰੱਕ ਅਾਪਰੇਟਰਾਂ ਨਾਲ ਧੱਕਾ ਕਰ ਰਹੀ ਹੈ। ਟਰੱਕ ਅਪਰੇਟਰ ਹਰ ਪ੍ਰਕਾਰ ਦੇ ਟੈਕਸ ਪਹਿਲਾਂ ਤੋਂ ਹੀ ਭਰ ਰਹੇ ਹਨ। ਹੁਣ ਕੇਂਦਰ ਸਰਕਾਰ ਵੱਲੋਂ ਜਿਹਡ਼ੇ  ਨਵੇਂ ਕਾਨੂੰਨ ਬਣਾਏ ਜਾ ਰਹੇ ਹਨ, ਉਹ  ਟਰੱਕ ਅਾਪਰੇਟਰਾਂ ਦੇ ਹੱਕ ’ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੀਅਾਂ ਮੰਗਾਂ ਅਨੁਸਾਰ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆਉਣਾ, ਇੰਸ਼ੋਰੈਂਸ਼ ਦੇ ਰੇਟ  ਨੂੰ ਪਹਿਲਾਂ ਵਾਲੀ ਸਲੈਬ ’ਚ ਲਿਆਉਣਾ, ਇੰਡੀਆ ਦੀਅਾਂ ਸਡ਼ਕਾਂ ਨੂੰ ਟੋਲ ਟੈਕਸ ਤੋਂ ਮੁਕਤ ਕਰਨਾ, ਟੀ. ਡੀ. ਐੱਸ. ਅਤੇ ਈ-ਬਿੱਲਾਂ ਨਾਲ ਵੀ ਟਰੱਕ ਆਪਰੇਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੇਮ ਸਿੰਘ ਘਡ਼ਾਮਾ ਅਤੇ ਜਸਮੇਰ ਸਿੰਘ ਲਾਛਡ਼ੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਾਡੀਅਾਂ ਮੰਗਾਂ ਨਾ ਮੰਨੀਅਾਂ ਤਾਂ ਇਹ ਧਰਨਾ ਜਾਰੀ ਰਹੇਗਾ।  ਡੀ. ਐੱਸ. ਪੀ. ਘਨੌਰ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਮੌਕੇ ਐੱਸ. ਐੱਚ. ਓ. ਸ਼ੰਭੂ ਕੁਲਵਿੰਦਰ ਸਿੰਘ, ਐੱਸ. ਆਈ. ਗੀਤਾ ਰਾਣੀ, ਗੁਟਜੰਟ ਸਿੰਘ ਘਡ਼ਾਮਾ, ਪਾਲ ਸਿੰਘ ਪ੍ਰਧਾਨ ਪਟਿਆਲਾ ਯੂਨੀਅਨ, ਪ੍ਰੇਮ ਹੰਸ ਹੰਸ ਟਰਾਂਸਪੋਰਟ ਰਾਜਪੁਰਾ, ਗੁਰਦੇਵ ਸਿੰਘ ਭੰਗੂ, ਸੁਖਦੇਵ ਸਿੰਘ ਮੋਹੀ, ਮੰਗਤ ਸਿੰਘ ਨਨਹੇਡ਼ਾ, ਰਿੰਕੂ ਸ਼ੰਭੂ ਕਲਾਂ, ਗੁਰਦੇਵ ਸਿੰਘ ਅੰਬਾਲਾ, ਜਤਿੰਦਰ ਸਿੰਘ ਸੋਹਲ, ਬਲਬੀਰ ਸਿੰਘ ਘਨੌਰ, ਪਿੰਕਾ ਘਨੌਰ, ਸੁਖਵਿੰਦਰ ਸਿੰਘ ਘਨੌਰ, ਜਗਬੀਰ ਸਿੰਘ ਨਾਗਰਾ, ਨੰਦ ਲਾਲ ਤੇ ਜੈ ਪਾਲ ਜੋਗਾ ਤੋਂ ਇਲਾਵਾ ਵੱਡੀ ਗਿਣਤੀ ’ਚ ਟਰੱਕ ਯੂਨੀਅਨਾਂ ਦੇ ਪ੍ਰਧਾਨ ਅਤੇ ਆਗੂਅਾਂ ਨਾਲ ਡਰਾਈਵਰ ਮੌਜੂਦ ਸਨ।
 ਨਾਭਾ, (ਜੈਨ)-ਸਥਾਨਕ ਟਰੱਕ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ ਹਨੀ ਧਾਲੀਵਾਲ ਦੀ ਅਗਵਾਈ ਹੇਠ ਅੱਜ ਟਰੱਕ ਆਪਰੇਟਰਾਂ ਨੇ ਧਰਨਾ ਦੇ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅਣਮਿਥੇ ਸਮੇਂ ਲਈ ਕੀਤੀ ਗਈ ਭੁੱਖ ਹਡ਼ਤਾਲ ਦੇ 6ਵੇਂ ਦਿਨ ਆਪਰੇਟਰਾਂ ਨੇ ਕਿਹਾ ਕਿ ਕੇਂਦਰੀ ਸਰਕਾਰ ਸਾਨੂੰ ਭੁੱਖੇ ਮਰਨ ਲਈ ਮਜਬੂਰ ਕਰ ਰਹੀ ਹੈ। ਹਨੀ ਧਾਲੀਵਾਲ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰ ਦਿਆਂਗੇ ਕਿਉਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਮਹਿੰਗਾਈ ’ਚ ਵਾਧਾ ਹੋ ਰਿਹਾ ਹੈ। ਟਰੱਕ ਆਪਰੇਟਰ ਪਰੇਸ਼ਾਨ ਹਨ। ਮੋਦੀ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਨਹੀਂ ਲਿਆ ਰਹੀ। ਟਰੱਕ ਆਪਰੇਟਰਾਂ ਦਾ ਕਰੋੜਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ। ਹਨੀ ਧਾਲੀਵਾਲ ਨੇ ਮੰਗ ਕੀਤੀ ਕਿ ਟੋਲ ਪਲਾਜ਼ਾ ਕੇਂਦਰ ਤੁਰੰਤ ਖਤਮ ਕੀਤੇ ਜਾਣ। ਥਰਡ ਪਾਰਟੀ ਬੀਮਾ ਦਰ ਘੱਟ ਕੀਤੀ ਜਾਵੇ। ਟਰੱਕ ਆਪਰੇਟਰਾਂ ਨੇ ਦਫ਼ਤਰ ਅੱਗੇ ਮੋਦੀ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।