ਆਈ. ਸੀ. ਪੀ. ਬੰਦ ਹੋਣ ਦਾ ਅਸਰ, ਅਟਾਰੀ ’ਤੇ ਕੰਮ ਕਰਨ ਵਾਲੇ 300 ਤੋਂ ਵੱਧ ਟਰੱਕ ਬੈਂਕਾਂ ਨੂੰ ਸਰੰਡਰ

09/02/2019 2:38:50 PM

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਨਾਲ ਜੰਗ ਹੋਣ ਤੋਂ ਪਹਿਲਾਂ ਜਾਂ ਬਾਅਦ ਸਭ ਤੋਂ ਜ਼ਿਆਦਾ ਨੁਕਸਾਨ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਹੁੰਦਾ ਹੈ। ਇਸ ਦਾ ਵੱਡਾ ਸਬੂਤ ਆਈ. ਸੀ. ਪੀ. ਅਟਾਰੀ ਬਾਰਡਰ ਹੈ। ਪੁਲਵਾਮਾ ਹਮਲੇ ਤੋਂ ਬਾਅਦ 16 ਫਰਵਰੀ ਤੋਂ ਪਾਕਿਸਤਾਨ ਵੱਲੋਂ ਦਰਾਮਦ ਵਸਤੂਆਂ ’ਤੇ 200 ਫ਼ੀਸਦੀ ਡਿਊਟੀ ਲੱਗਣ ਤੋਂ ਬਾਅਦ 200 ਕਰੋਡ਼ ਦੀ ਲਾਗਤ ਨਾਲ ਤਿਆਰ ਆਈ. ਸੀ. ਪੀ. ਤਾਂ ਉਜਡ਼ ਹੀ ਚੁੱਕੀ ਹੈ, ਹੁਣ ਇਸ ਦੇ ਬੰਦ ਹੋਣ ਦੇ ਨਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ ਆਈ. ਸੀ. ਪੀ. ’ਤੇ ਦਰਾਮਦ ਅਤੇ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਟਰਾਂਸਪੋਰਟੇਸ਼ਨ ਕਰਨ ਵਾਲੇ 600 ਤੋਂ ਵੱਧ ਟਰੱਕ ਆਪ੍ਰੇਟਰਾਂ ਦਾ ਵੀ ਮੰਦਾ ਹਾਲ ਹੈ। ਜਾਣਕਾਰੀ ਅਨੁਸਾਰ ਸਿਰਫ ਸਰਹੱਦੀ ਇਲਾਕੇ ਅਟਾਰੀ ’ਚ ਹੀ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ 300 ਤੋਂ ਵੱਧ ਟਰੱਕ ਬੈਂਕਾਂ ਨੂੰ ਸਰੰਡਰ ਹੋ ਚੁੱਕੇ ਹਨ, ਜਦਕਿ ਬਾਕੀ ਟਰੱਕਾਂ ਦੀਆਂ ਕਿਸ਼ਤਾਂ ਵੀ ਨਹੀਂ ਉੱਤਰ ਰਹੀਆਂ। ਆਲਮ ਇਹ ਹੈ ਕਿ ਟਰੱਕ ਆਪ੍ਰੇਟਰ ਆਪਣੇ ਟਰੱਕਾਂ ਨੂੰ ਬੈਂਕਾਂ ਦੇ ਸਾਹਮਣੇ ਸਰੰਡਰ ਕਰਨ ਨੂੰ ਤਿਆਰ ਬੈਠੇ ਹਨ ਪਰ ਬੈਂਕ ਵੀ ਸਰੰਡਰ ਨਹੀਂ ਕਰਵਾ ਰਹੇ ਕਿਉਂਕਿ ਟਰੱਕ ਸਰੰਡਰ ਹੋਣ ਨਾਲ ਬੈਂਕਾਂ ਦੀ ਰਿਕਵਰੀ ਪੂਰੀ ਨਹੀਂ ਹੁੰਦੀ। ਅਟਾਰੀ ਦੇ ਆਸ-ਪਾਸ ਕੰਮ ਕਰਨ ਵਾਲੇ ਜ਼ਿਆਦਾਤਰ ਟਰੱਕ ਆਪ੍ਰੇਟਰਾਂ ਨੇ ਬੈਂਕਾਂ ਤੋਂ ਕਰਜ਼ ਲੈ ਕੇ ਟਰੱਕ ਖਰੀਦੇ ਸਨ, ਕੰਮ ਬੰਦ ਹੋਣ ਕਾਰਨ ਟਰੱਕਾਂ ਦੀਆਂ ਕਿਸ਼ਤਾਂ ਉਤਾਰ ਸਕਣਾ ਆਪ੍ਰੇਟਰਾਂ ਲਈ ਮੁਸ਼ਕਿਲ ਹੋ ਗਿਆ ਹੈ। ਇੰਨਾ ਹੀ ਨਹੀਂ, ਅਟਾਰੀ ਦੇ ਟਰੱਕ ਆਪ੍ਰੇਟਰਾਂ ਨਾਲ ਕੰਮ ਕਰਨ ਵਾਲੇ ਅੰਮ੍ਰਿਤਸਰ ਸ਼ਹਿਰ ਅਤੇ ਹੋਰ ਜ਼ਿਲਿਆਂ ਦੇ ਟਰੱਕ ਆਪ੍ਰੇਟਰਾਂ ਨੇ ਵੀ ਹੁਣ ਆਈ. ਸੀ. ਪੀ. ਅਟਾਰੀ ਦੀ ਬਜਾਏ ਹੋਰ ਸੂਬਿਆਂ ਵੱਲ ਰੁਖ਼ ਕਰ ਲਿਆ ਹੈ ਪਰ ਮੰਦੀ ਕਾਰਨ ਉਨ੍ਹਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ।

6 ਮਹੀਨਿਆਂ ਤੋਂ ਬੇਰੋਜ਼ਗਾਰ ਬੈਠੇ ਹਨ ਕੁਲੀਆਂ ਤੇ ਮਜ਼ਦੂਰਾਂ ਦੇ 10 ਹਜ਼ਾਰ ਤੋਂ ਵੱਧ ਪਰਿਵਾਰ
16 ਫਰਵਰੀ 2019 ਦੇ ਬਾਅਦ ਤੋਂ ਹੀ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕੰਮ ਕਰਨ ਵਾਲੇ ਕੁਲੀਆਂ, ਮਜ਼ਦੂਰਾਂ ਤੇ ਹੋਰ ਲੇਬਰ ਦੇ 10 ਹਜ਼ਾਰ ਤੋਂ ਵੱਧ ਪਰਿਵਾਰ ਆਈ. ਸੀ. ਪੀ. ਬੰਦ ਹੋਣ ਕਾਰਨ ਬੇਰੋਜ਼ਗਰ ਹੋ ਚੁੱਕੇ ਹਨ। ਪਿਛਲੇ 6 ਮਹੀਨਿਆਂ ਤੋਂ ਇਨ੍ਹਾਂ ਪਰਿਵਾਰਾਂ ਦੀ ਸਥਾਨਕ ਪ੍ਰਸ਼ਾਸਨ ਜਾਂ ਫਿਰ ਕਿਸੇ ਹੋਰ ਨੇਤਾ ਨੇ ਸਾਰ ਨਹੀਂ ਲਈ। ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਣ ਵਾਲੇ ਪਰਿਵਾਰ ਜਾਣ ਤਾਂ ਜਾਣ ਕਿਥੇ? ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ। ਸਰਹੱਦੀ ਇਲਾਕਾ ਹੋਣ ਕਾਰਣ ਸਿਰਫ ਆਈ. ਸੀ. ਪੀ. ਅਟਾਰੀ ’ਤੇ ਹੋਣ ਵਾਲੀ ਦਰਾਮਦ-ਬਰਾਮਦ ਹੀ ਇਨ੍ਹਾਂ ਮਜ਼ਦੂਰ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਇਕਮਾਤਰ ਸਾਧਨ ਸੀ, ਜੋ ਇਸ ਸਮੇਂ ਖੋਹ ਲਿਆ ਗਿਆ ਹੈ।

ਕਸਟਮ ਕਲੀਅਰੈਂਸ ਏਜੰਟਾਂ ਨੇ ਵੀ ਸ਼ੁਰੂ ਕੀਤੀ ਕਰਮਚਾਰੀਆਂ ਦੀ ਛਾਂਟੀ 
ਅਟਾਰੀ ਬਾਰਡਰ ਪਾਕਿਸਤਾਨ ਵੱਲੋਂ ਦਰਾਮਦ ਵਸਤੂਆਂ ਅਤੇ ਪਾਕਿਸਤਾਨ ਜਾਣ ਵਾਲੀਆਂ ਵਸਤੂਆਂ ਦੀ ਕਲੀਅਰੈਂਸ ਕਰਵਾਉਣ ਵਾਲੇ ਦਰਜਨਾਂ ਕਸਟਮ ਕਲੀਅਰੈਂਸ ਏਜੰਟਾਂ ’ਚੋਂ ਜ਼ਿਆਦਾਤਰ ਨੇ ਤਾਂ ਆਪਣੇ ਦਫਤਰ ਬੰਦ ਕਰ ਦਿੱਤੇ ਹਨ, ਜੋ ਵੱਡੇ ਕਲੀਅਰੈਂਸ ਏਜੰਟ ਬਚੇ ਹਨ, ਉਨ੍ਹਾਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਅਜਿਹਾ ਕਰਨ ਲਈ ਇਸ ਲਈ ਮਜਬੂਰ ਹਨ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਕੰਮ ਨਹੀਂ ਹੈ।

ਪਾਕਿਸਤਾਨੀ ਸੀਮੈਂਟ ਬੰਦ ਹੋਣ ਨਾਲ ਭਾਰਤ ’ਚ 100 ਰੁਪਏ ਤੱਕ ਵਧੇ ਰੇਟ
ਆਈ. ਸੀ. ਪੀ. ਅਟਾਰੀ ਬੰਦ ਹੋਣ ਕਾਰਨ ਪਾਕਿਸਤਾਨ ਨਾਲ ਪਿਛਲੇ ਲੰਬੇ ਸਮੇਂ ਤੋਂ ਦਰਾਮਦ-ਬਰਾਮਦ ਕਰਨ ਵਾਲੇ ਵਪਾਰੀ ਵੀ ਨਿਰਾਸ਼ ਹਨ ਅਤੇ ਹੋਰ ਕੰਮ-ਕਾਜ ਦੀ ਭਾਲ ਕਰ ਰਹੇ ਹਨ ਪਰ ਦੇਸ਼ ’ਚ ਛਾਈ ਆਰਥਿਕ ਮੰਦੀ ਕਾਰਨ ਉਹ ਕੁਝ ਨਹੀਂ ਕਰ ਸਕਦੇ। ਦੂਜੇ ਪਾਸੇ ਪਾਕਿਸਤਾਨੀ ਸੀਮੈਂਟ ਦੀ ਦਰਾਮਦ ਬੰਦ ਹੋਣ ਕਾਰਣ ਭਾਰਤੀ ਸੀਮੈਂਟ ਦੇ ਰੇਟ ’ਚ ਵੀ 70 ਤੋਂ 100 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਪਾਕਿਸਤਾਨੀ ਸੀਮੈਂਟ ਭਾਰਤੀ ਸੀਮੈਂਟ ਦੀ ਤੁਲਨਾ ’ਚ 50 ਤੋਂ 60 ਰੁਪਏ ਤੱਕ ਸਸਤਾ ਸੀ। ਇੰਨਾ ਹੀ ਨਹੀਂ, ਕੁਝ ਅਦਾਰੇ ਭਾਰਤੀ ਸੀਮੈਂਟ ਕੰਪਨੀਆਂ ਵੀ ਪਾਕਿਸਤਾਨੀ ਸੀਮੈਂਟ ਦੀ ਪ੍ਰੋਸੈਸਿੰਗ ਕਰ ਕੇ ਸੀਮੈਂਟ ਤਿਆਰ ਕਰ ਰਹੀਆਂ ਸਨ ਤੇ ਆਪਣੀ ਕੰਪਨੀ ਦੀ ਸਟੈਂਪ ਲਾ ਕੇ ਸੀਮੈਂਟ ਦੀ ਵਿਕਰੀ ਕਰ ਰਹੀਆਂ ਸਨ। ਇਸ ਮਾਮਲੇ ’ਚ ਕੁਝ ਸੀਮੈਂਟ ਵਪਾਰੀਆਂ ਨੂੰ ਪਾਕਿਸਤਾਨੀ ਸੀਮੈਂਟ ਦੇ ਬੰਦ ਹੋਣ ਨਾਲ ਭਾਰੀ ਲਾਭ ਹੋਇਆ ਹੈ ਤਾਂ ਕਿਸੇ ਨੂੰ ਭਾਰੀ ਨੁਕਸਾਨ।

ਖੇਤਾਂ ਦੀ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਜਿਪਸਮ ਦੇ ਪ੍ਰੋਸੈਸਿੰਗ ਯੂਨਿਟ ਵੀ ਬੰਦ
ਉੱਤਰ ਭਾਰਤ ਦੇ ਕਈ ਵਪਾਰੀ ਪਾਕਿਸਤਾਨੀ ਜਿਪਸਮ ਦੀ ਦਰਾਮਦ ਕਰ ਕੇ ਉਸ ਨੂੰ ਪ੍ਰੋਸੈਸਿੰਗ ਕਰ ਕੇ ਖੇਤਾਂ ਦੀ ਮਿੱਟੀ ਨੂੰ ਉਪਜਾਊ ਬਣਾਉਣ ਲਈ ਪ੍ਰੋਸੈਸਡ ਜਿਪਸਮ ਦੀ ਸਪਲਾਈ ਕਰ ਰਹੇ ਸਨ ਪਰ 16 ਫਰਵਰੀ ਤੋਂ ਬਾਅਦ ਜਿਪਸਮ ਦੇ ਦਰਜਨਾਂ ਪ੍ਰੋਸੈਸਿੰਗ ਯੂਨਿਟ ਵੀ ਬੰਦ ਹੋ ਚੁੱਕੇ ਹਨ ਤੇ ਇਨ੍ਹਾਂ ’ਚ ਕੰਮ ਕਰਨ ਵਾਲੇ ਅਣਗਿਣਤ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ।
ਕਸਟਮ ਕਰਮਚਾਰੀ ਵੀ ਲੈ ਰਹੇ ਛੁੱਟੀ

ਆਈ. ਸੀ. ਪੀ. ਅਟਾਰੀ, ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ, ਅੰਤਰਰਾਸ਼ਟਰੀ ਰੇਲ ਕਾਰਗੋ ’ਤੇ ਦਰਾਮਦ-ਬਰਾਮਦ, ਸਮਝੌਤਾ ਐਕਸਪ੍ਰੈੱਸ ਅਤੇ ਦੋਸਤੀ ਬੱਸਾਂ ਬੰਦ ਹੋਣ ਕਾਰਣ ਇਨ੍ਹਾਂ ਅੰਤਰਰਾਸ਼ਟਰੀ ਸਟੇਸ਼ਨਾਂ ’ਤੇ ਕੰਮ ਕਰਨ ਵਾਲੇ ਕਸਟਮ ਕਰਮਚਾਰੀ ਵੀ ਵਿਭਾਗ ਤੋਂ ਆਪਣੇ ਜ਼ਰੂਰੀ ਕੰਮਾਂ ਨੂੰ ਨਿਪਟਾਉਣ ਲਈ ਛੁੱਟੀ ਲੈ ਰਹੇ ਹਨ ਕਿਉਂਕਿ ਇਥੇ ਹੁਣ ਜ਼ਿਆਦਾ ਸਟਾਫ ਦੀ ਲੋਡ਼ ਨਹੀਂ ਹੈ।
 

Anuradha

This news is Content Editor Anuradha