ਅਟਾਰੀ ਬਾਰਡਰ ਦੇ 'ਟਰੱਕ ਸਕੈਨਰ' 'ਤੇ ਹੈਰਾਨ ਕਰਦਾ ਖੁਲਾਸਾ, 'ਲੂਣ' ਤੱਕ ਨਹੀਂ ਹੋ ਰਿਹੈ ਸਕੈਨ

11/27/2019 9:03:11 AM

ਅੰਮ੍ਰਿਤਸਰ (ਨੀਰਜ) : 7 ਸਾਲ ਬੀਤ ਜਾਣ ਤੋਂ ਬਾਅਦ ਵੀ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਤਿਆਰ ਕੀਤਾ ਗਿਆ ਟਰੱਕ ਸਕੈਨਰ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਇਹ ਇਕ ਸੋਚੀ-ਸਮਝੀ ਸਾਜ਼ਿਸ਼ ਹੈ ਜਾਂ ਕੋਈ ਲਾਪਰਵਾਹੀ ਕਿ ਅਮਰੀਕੀ ਅਤੇ ਭਾਰਤੀ ਇੰਜੀਨੀਅਰਾਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਬਹੁ-ਕਰੋੜੀ ਟਰੱਕ ਸਕੈਨਰ ਚਿੱਟਾ ਤਾਂ ਕੀ, ਲੂਣ ਤੱਕ ਨੂੰ ਵੀ ਸਕੈਨ ਨਹੀਂ ਕਰ ਪਾ ਰਿਹਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਈ. ਸੀ. ਪੀ. 'ਤੇ ਤਿਆਰ ਕੀਤੇ ਗਏ ਟਰੱਕ ਸਕੈਨਰ ਨੂੰ ਚਲਾਉਣ ਲਈ ਕਸਟਮ, ਬੀ. ਐੱਸ. ਐੱਫ., ਸੀ. ਡਬਲਿਊ. ਸੀ. ਦੇ ਲਗਭਗ 20 ਅਧਿਕਾਰੀਆਂ ਨੂੰ ਟਰਾਇਲ ਦੇ ਰੂਪ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਪਰ ਟਰੱਕ ਸਕੈਨਰ ਦੀ ਟ੍ਰੇਨਿੰਗ ਲੈ ਰਹੇ ਕਸਟਮ ਸਟਾਫ ਨੇ ਸਕੈਨਰ ਤੋਂ ਤੌਬਾ ਕਰ ਲਈ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਵਿਭਾਗ ਵੱਲੋਂ ਜਦੋਂ ਪਿਆਜ਼ ਦੇ ਇਕ ਟਰੱਕ 'ਚ ਲੂਣ ਰੱਖ ਕੇ ਟਰੱਕ ਸਕੈਨਰ 'ਚੋਂ ਕੱਢਿਆ ਗਿਆ ਤਾਂ ਲੂਣ ਦੀ ਸਕੈਨਿੰਗ ਕੰਪਿਊਟਰ ਸਕਰੀਨ 'ਤੇ ਨਜ਼ਰ ਹੀ ਨਹੀਂ ਆਈ, ਜਿਸ ਤੋਂ ਬਾਅਦ ਕਸਟਮ ਸਟਾਫ ਨੇ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ ਕਿ ਟਰੱਕ ਸਕੈਨਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ।
ਇਕ ਹੋਰ ਕੇਂਦਰੀ ਏਜੰਸੀ ਵੱਲੋਂ ਵੀ ਟਰੱਕ ਸਕੈਨਰ ਸਬੰਧੀ ਕੁਝ ਇਸ ਤਰ੍ਹਾਂ ਦੀ ਹੀ ਰਿਪੋਰਟ ਬਣਾਈ ਜਾ ਰਹੀ ਹੈ, ਜੋ ਸਾਬਿਤ ਕਰਦਾ ਹੈ ਕਿ ਪਾਕਿਸਤਾਨ ਤੋਂ ਹੈਰੋਇਨ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਸਾਲਾਂ ਦੇ ਇੰਤਜ਼ਾਰ ਬਾਅਦ ਬਣਾਇਆ ਗਿਆ ਟਰੱਕ ਸਕੈਨਰ ਅੱਜ ਵੀ ਸਫੈਦ ਹਾਥੀ ਹੈ। ਕਸਟਮ ਵਿਭਾਗ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਦੀ ਰੈਮਜਿੰਗ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਾਲੇ ਪਦਾਰਥ ਨੂੰ ਫੜ੍ਹਨ ਦੀ ਜ਼ਿੰਮੇਵਾਰੀ ਵੀ ਇਸ ਦੀ ਹੁੰਦੀ ਹੈ, ਜੇਕਰ ਇਨ੍ਹਾਂ ਦਰਾਮਦ ਵਸਤੂਆਂ 'ਚੋਂ ਕਿਸੇ ਪ੍ਰਕਾਰ ਦਾ ਨਸ਼ੇ ਵਾਲਾ ਪਦਾਰਥ ਨਿਕਲ ਆਉਂਦਾ ਹੈ ਤਾਂ ਵੀ ਕਸਟਮ ਵਿਭਾਗ 'ਤੇ ਹੀ ਜ਼ਿੰਮੇਵਾਰੀ ਥੋਪੀ ਜਾਂਦੀ ਹੈ, ਜਦੋਂ ਇਹੀ ਵਿਭਾਗ ਹੱਥ ਖੜ੍ਹੇ ਕਰ ਗਿਆ ਤਾਂ ਅੱਗੇ ਕੀ ਹੋ ਸਕਦਾ ਹੈ, ਇਹ ਸਮਝਿਆ ਜਾ ਸਕਦਾ ਹੈ। ਫਿਲਹਾਲ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਆਈ. ਸੀ. ਪੀ. ਅਟਾਰੀ ਬਾਰਡਰ ਦਾ ਟਰੱਕ ਸਕੈਨਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।
ਜਾਣਕਾਰੀ ਅਨੁਸਾਰ ਟਰੱਕ ਸਕੈਨਰ ਦੇ ਐਂਟਰੀ ਪੁਆਇੰਟ 'ਚ ਅਫਗਾਨੀ ਟਰੱਕਾਂ ਨੂੰ ਸਕੈਨਰ ਦੇ ਅੰਦਰ ਲਿਆਉਣ ਲਈ ਕਾਫ਼ੀ ਸਮੱਸਿਆ ਆ ਰਹੀ ਹੈ ਕਿਉਂਕਿ ਟਰੱਕ ਸਕੈਨਰ ਦਾ ਐਂਟਰੀ ਪੁਆਇੰਟ ਟਰੱਕ ਦੀ ਉਚਾਈ ਦੇ ਹਿਸਾਬ ਨਾਲ ਛੋਟਾ ਹੈ। ਇਕ ਟਰੱਕ ਨੂੰ ਸਕੈਨਰ ਦੇ ਅੰਦਰ ਲਿਆਉਣ ਲਈ ਕਾਫ਼ੀ ਸਮਾਂ ਲੱਗ ਰਿਹਾ ਹੈ। ਪਾਕਿਸਤਾਨ ਤੋਂ ਤਾਂ ਇਸ ਸਮੇਂ ਟਰੱਕ ਨਹੀਂ ਆ ਰਹੇ ਪਰ ਜੇਕਰ ਪਾਕਿਸਤਾਨ ਨਾਲ ਕੰਮ-ਕਾਜ ਸ਼ੁਰੂ ਹੋਣ ਤੋਂ ਬਾਅਦ 100 ਤੋਂ 150 ਟਰੱਕ ਆਉਣੇ ਸ਼ੁਰੂ ਹੋ ਗਏ ਤਾਂ ਕੀ ਹੋਵੇਗਾ, ਇਸ ਦਾ ਜਵਾਬ ਵੀ ਕਿਸੇ ਕੋਲ ਨਹੀਂ ਹੈ।
ਇਸ ਬਾਰੇ ਲੈਂਡ ਪਾਰਟ ਅਥਾਰਟੀ ਆਫ ਇੰਡੀਆ ਦਾ ਕਹਿਣਾ ਹੈ ਕਿ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਤਿਆਰ ਕੀਤਾ ਜਾ ਰਿਹਾ ਟਰੱਕ ਸਕੈਨਰ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ, ਜਿਸ 'ਚ ਕੋਈ ਤਕਨੀਕੀ ਕਮੀ ਨਹੀਂ ਹੈ। ਅਫਗਾਨਿਸਤਾਨ ਤੋਂ ਜੋ ਟਰੱਕ ਆ ਰਹੇ ਹਨ, ਉਹ ਓਵਰਲੋਡਿਡ ਆ ਰਹੇ ਹਨ, ਜਿਸ ਕਾਰਨ ਟਰੱਕ ਸਕੈਨਰ ਅੰਦਰ ਐਂਟਰੀ ਕਰਨ 'ਚ ਮੁਸ਼ਕਿਲ ਆ ਰਹੀ ਹੈ। ਉਂਝ ਟਰੱਕ ਸਕੈਨਰ 'ਚ ਸਭ ਕੁਝ ਠੀਕ ਹੈ।

Babita

This news is Content Editor Babita