ਵਧ ਰਹੀਆਂ ਤੇਲ ਦੀਆਂ ਕੀਮਤਾਂ ਵਿਰੁੱਧ ਟਰੱਕ ਆਪਰੇਟਰਾਂ ਨੇ ਕੇਂਦਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

02/28/2021 3:25:08 AM

ਬੁਢਲਾਡਾ,(ਮਨਜੀਤ, ਗਰਗ,ਜ.ਬ.)- ਪਿਛਲੇ ਕੁਝ ਦਿਨਾਂ ਦੌਰਾਨ ਆਸਮਾਨ ਨੂੰ ਛੂਹ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਅੱਜ ਇੱਥੇ ਇਕੱਠੇ ਹੋਏ ਟਰੱਕ ਆਪਰੇਟਰਾਂ ਨੇ ਕੇਂਦਰ ਸਰਕਾਰ ਦੇ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਟਰੱਕ ਆਪਰੇਟਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਮੋਹਨ ਸਿੰਘ ਰੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਇਨਾਂਸ ਅਤੇ ਹੋਰਨਾਂ ਬੈਂਕਾਂ ਤੋਂ ਕਰਜ਼ੇ ਲੈ ਕੇ ਟਰੱਕਾਂ ਰਾਹੀਂ ਆਪਣੇ ਪਰਿਵਾਰ ਪਾਲ ਰਹੇ ਆਪਰੇਟਰਾਂ ਦਾ ਕਾਰੋਬਾਰ ਦਿਨੋਂ-ਦਿਨ ਵਧ ਰਹੀਆਂ ਤੇਲ ਕੀਮਤਾਂ ਕਾਰਨ ਬੁਰੀ ਤਰ੍ਹਾਂ ਠੱਪ ਹੋਣ ਕਾਰਨ ਅਨੇਕਾਂ ਆਪਰੇਟਰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਤਕ ਮੋੜਨ ਤੋਂ ਵੀ ਅਸਮਰਥ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਟਰੱਕ ਯੂਨੀਅਨਾਂ ਖਤਮ ਕਰਨ ਕਰ ਕੇ ਟਰਾਂਸਪੋਰਟ ਧੰਦੇ ’ਚ ਮੁਕਾਬਲੇਬਾਜ਼ੀ ਵਧ ਗਈ ਹੈ ਅਤੇ ਵੱਡੇ ਵਪਾਰੀ ਬਿਨ੍ਹਾਂ ਕਿਸੇ ਰੋਕ-ਟੋਕ ਦੇ ਬਿਨ੍ਹਾਂ ਟੈਕਸ ਦੀਆਂ ਸਸਤੀਆਂ ਗੱਡੀਆਂ ਰਾਹੀਂ ਕੰਮ ਕਰ ਰਹੇ ਹਨ, ਜਿਸ ਕਰ ਕੇ ਮਾਲ ਭਾੜੇ ਦੇ ਰੇਟ ਵੀ ਹੇਠਾਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਸੰਕੇਤਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਜੇਕਰ ਦੇਸ਼ ਜਾ ਪੰਜਾਬ ਦੀਆਂ ਜਥੇਬੰਦੀਆਂ ਕੋਈ ਵੱਡਾ ਸੱਦਾ ਦੇਣਗੀਆਂ, ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾਂ ਕੇਂਦਰ ਦੀਆਂ ਇਨ੍ਹਾਂ ਮਾਰੂ ਨੀਤੀਆਂ ਨੇ ਟਰਾਂਸਪੋਰਟਰ ਬਿਜਨਸ ਨੂੰ ਖਤਮ ਕਰ ਕੇ ਰੱਖ ਦਿੱਤਾ ਹੈ। ਆਪਰੇਟਰਾਂ ਅਤੇ ਉਨ੍ਹਾਂ ’ਤੇ ਨਿਰਭਰ ਲੱਖਾ ਡਰਾਈਵਰਾਂ-ਕੰਡਕਟਰਾਂ ਦੇ ਪਰਿਵਾਰਾਂ ਨੂੰ ਦੋ ਟਾਇਮ ਦੀ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੁਝ ਕੁ ਪੰਜਾਬ ’ਚ ਧਨਾਢ ਲੋਕਾਂ ਵਲੋਂ ਟਰਾਂਸਪੋਰਟ ਧੰਦੇ ਨੂੰ ਤਹਿਸ-ਨਹਿਸ ਕੀਤਾ ਹੈ ਅਤੇ ਵੱਡੀ ਪੱਧਰ ’ਤੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਟਰੱਕ ਯੂਨੀਅਨ ਬਹਾਲ ਕਰ ਕੇ ਅਤੇ ਤੇਲ ’ਤੇ ਵੈਟ ਘਟਾ ਕੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਬਚਾਉਣ ਲਈ ਅੱਗੇ ਆਵੇ।

Bharat Thapa

This news is Content Editor Bharat Thapa