ਗੋਲੀ ਲੱਗਣ ਨਾਲ ਟਰੱਕ ਆਪਰੇਟਰ ਦੀ ਮੌਤ

01/13/2020 7:07:34 PM

ਪਟਿਆਲਾ,(ਬਲਜਿੰਦਰ)- ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ਵਿਚ ਟਰੱਕ ਆਪਰੇਟਰ ਅਮਰਿੰਦਰ ਸਿੰਘ (47) ਪੁੱਤਰ ਇਕਬਾਲ ਸਿੰਘ ਵਾਸੀ ਗਿੱਲ ਐਨਕਲੇਵ ਨੇੜੇ ਗੁਰੂ ਨਾਨਕ ਆਸ਼ਰਮ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਅਮਰਿੰਦਰ ਸਿੰਘ ਦੀ ਪਤਨੀ ਗੁਰਿੰਦਰ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹੈਰੀ ਬੋਪਰਾਏ ਨੇ ਦੱਸਿਆ ਕਿ ਮ੍ਰਿਤਕ ਅਮਰਿੰਦਰ ਸਿੰਘ ਦੀ ਪਤਨੀ ਗੁਰਿੰਦਰ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਪਹਿਲਾਂ ਜਲੰਧਰ ਗਿਆ ਸੀ। ਇਸ ਤੋਂ ਬਾਅਦ ਜਾਣ-ਪਛਾਣ ਵਾਲੀ ਇਕ ਔਰਤ ਦੇ ਘਰ ਗਿਆ। ਜਦੋਂ ਉਥੇ ਬੈਠਣ ਲੱਗਾ ਤਾਂ ਉਸ ਦੀ ਡੱਬ ਵਿਚਲਾ ਪਿਸਤੌਲ ਡਿੱਗ ਪਿਆ। ਉਸ ਵਿਚੋਂ ਗੋਲੀ ਚੱਲ ਗਈ, ਜੋ ਅਮਰਿੰਦਰ ਸਿੰਘ ਦੇ ਪੱਟ ਵਿਚ ਵੱਜੀ। ਕਾਫੀ ਖੂਨ ਵਗਣ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਮਾਮਲੇ ਵਿਚ ਕਿਸੇ 'ਤੇ ਕੋਈ ਸ਼ੱਕ ਨਹੀਂ ਕੀਤਾ।