ਸਰਹੱਦੀ ਖੇਤਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 486ਵੇਂ ਟਰੱਕ ਦੀ ਸਮੱਗਰੀ

12/10/2018 12:21:42 PM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਵਲੋਂ ਅਤੀਤ ਵਿਚ ਕੀਤੀਆਂ ਗਈਆਂ ਘਿਨਾਉਣੀਆਂ ਹਰਕਤਾਂ ਕਾਰਨ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰਨਾ ਪਿਆ ਹੈ। ਇਨ੍ਹਾਂ ਪ੍ਰਭਾਵਿਤ ਲੋਕਾਂ ਵਿਚ ਜੰਮੂ-ਕਸ਼ਮੀਰ ਦੇ ਲੱਖਾਂ ਪਰਿਵਾਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਅਣਗਿਣਤ ਲੋਕ ਵੀ ਸ਼ਾਮਲ ਹਨ। ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਵੱਸੇ ਗੁਰਦਾਸਪੁਰ ਜ਼ਿਲੇ ਦੇ ਲੋਕ ਤਾਂ ਹਰ ਵੇਲੇ ਦਹਿਸ਼ਤ ਦੇ ਮਾਹੌਲ ਵਿਚ ਸਮਾਂ ਗੁਜ਼ਾਰਦੇ ਹਨ। ਅੱਜ ਵੀ ਇਨ੍ਹਾਂ ਸਰਹੱਦੀ ਪਿੰਡਾਂ ਦੀ ਹਾਲਤ 1947 ਤੋਂ ਪਹਿਲਾਂ ਵਰਗੀ ਹੀ ਹੈ। ਲੋਕਾਂ ਦੇ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਇਨ੍ਹਾਂ ਖੇਤਰਾਂ ਤੋਂ ਦੂਰ ਹੀ ਰਹਿੰਦੇ ਹਨ, ਜਿਸ ਕਾਰਨ ਅੱਜ ਵੀ ਇਨ੍ਹਾਂ ਪਿੰਡਾਂ ਵਿਚ ਸਹੂਲਤਾਂ ਨਾ-ਮਾਤਰ ਹੀ ਹਨ। ਸਖਤ ਮਿਹਨਤ-ਮੁਸ਼ੱਕਤ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੀਆਂ ਨਿੱਤ-ਦਿਨ ਦੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਕਰ ਸਕਦੇ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਹੀ ਸਹਾਇਤਾ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ। ਅਜਿਹੇ ਯਤਨਾਂ ਅਧੀਨ ਹੀ ਬੀਤੇ ਦਿਨੀਂ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ 486ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ। ਇਸ ਵਾਰ ਦੀ ਰਾਹਤ ਸਮੱਗਰੀ ਲੁਧਿਆਣਾ ਤੋਂ ਸ਼੍ਰੀ ਰਾਜ ਕੁਮਾਰ ਵਰਮਾ ਦੇ ਪਰਿਵਾਰ ਵਲੋਂ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਕਾਰਜ ਵਿਚ ਸ਼੍ਰੀ ਪ੍ਰਵੇਸ਼ ਕੁਮਾਰ ਵਰਮਾ, ਜਗਦੀਸ਼ ਬਜਾਜ, ਰਮੇਸ਼ ਗੁੰਬਰ, ਬਿੱਟੂ ਗੁੰਬਰ, ਸ਼ਾਮ ਲਾਲ ਕਪੂਰ ਅਤੇ ਹਰਦਿਆਲ ਸਿੰਘ ਅਮਨ ਨੇ ਵੀ ਅਹਿਮ ਭੂਮਿਕਾ ਨਿਭਾਈ।

ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਬੀਤੇ ਦਿਨੀਂ ਜਲੰਧਰ ਤੋਂ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਇਕ ਵਿਸ਼ੇਸ਼ ਸਮਾਗਮ ਮੌਕੇ, ਰਵਾਨਾ ਕੀਤਾ ਗਿਆ ਸੀ, ਜਿਸ ਵਿਚ ਪੰਜਾਬ ਭਰ ਦੀਆਂ ਧਾਰਮਕ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਓ. ਪੀ. ਸੋਨੀ, ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਜੀ, ਵਿਧਾਇਕ ਸੁਸ਼ੀਲ ਰਿੰਕੂ, ਐੱਸ. ਜੀ. ਐੱਲ. ਚੈਰੀਟੇਬਲ ਟਰੱਸਟ ਦੇ ਵਾਈਸ ਚੇਅਰਮੈਨ ਮਹਿੰਦਰ ਸਿੰਘ ਰਿਆੜ, ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਅਤੇ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਵੀ ਮੌਜੂਦ ਸਨ।

Shyna

This news is Content Editor Shyna