ਗਰੀਬੀ ਤੋਂ ਪ੍ਰੇਸ਼ਾਨ ਬਾਪ ਨੇ 50 ਹਜ਼ਾਰ ’ਚ ਵੇਚਿਆ ਬੱਚਾ

06/08/2020 12:00:17 AM

ਲੁਧਿਆਣਾ,(ਪੰਕਜ)- ਨਵਾਂਸ਼ਹਿਰ ਪ੍ਰਸ਼ਾਸਨ ਦੇ ਕੋਲ ਆਪਣੀ ਤਰ੍ਹਾਂ ਦਾ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ, ਜਿਸ ਨੇ ਜਾਂਚ ਅਧਿਕਾਰੀਆਂ ਨੂੰ ਵੀ ਉਲਝਣ ਵਿਚ ਲਿਆ ਖੜ੍ਹਾ ਕੀਤਾ ਹੈ। ਅਸਲ ਵਿਚ ਮਾਛੀਵਾੜਾ ਦੀ ਰਹਿਣ ਵਾਲੀ ਇਕ ਔਰਤ ਨੇ 4 ਮਹੀਨੇ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ ਸੀ। ਔਰਤ ਦਾ ਦੋਸ਼ ਹੈ ਕਿ ਗਰੀਬੀ ਕਾਰਨ ਉਸ ਦੇ ਪਤੀ ਨੇ ਬੱਚੇ ਨੂੰ 50 ਹਜ਼ਾਰ ਵਿਚ ਨਵਾਂਸ਼ਹਿਰ ਦੇ ਇਕ ਅਜਿਹੇ ਜੋੜੇ ਨੂੰ ਵੇਚ ਦਿੱਤਾ ਸੀ, ਜਿਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਔਰਤ ਨੇ ਪ੍ਰਸ਼ਾਸਨ ਤੋਂ ਆਪਣਾ ਬੱਚਾ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਇਕ ਪਾਸੇ ਜਿੱਥੇ ਜਨਮ ਦੇਣ ਵਾਲੀ ਮਾਂ ਆਪਣੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਨੂੰ ਵਾਪਸ ਦਿਵਾਉਣ ਲਈ ਅਧਿਕਾਰੀਆਂ ਦੇ ਅੱਗੇ ਗਿੜਗਿੜਾ ਰਹੀ ਹੈ ਤਾਂ ਦੂਜੇ ਪਾਸੇ ਸਾਲਾਂ ਤੋਂ ਬੱਚਾ ਨਾ ਹੋਣ ਤੋਂ ਪ੍ਰੇਸ਼ਾਨ ਜੋੜੇ, ਖਾਸ ਕਰ ਕੇ ਗੋਦ ਲੈਣ ਵਾਲੀ ਔਰਤ ਕਿਸੇ ਵੀ ਕੀਮਤ ’ਤੇ ਬੱਚਾ ਇਹ ਕਹਿੰਦੇ ਹੋਏ ਵਾਪਸ ਕਰਨ ਲਈ ਤਿਆਰ ਨਹੀਂ ਹੈ ਕਿ 4 ਮਹੀਨੇ ਵਿਚ ਉਨ੍ਹਾਂ ਦਾ ਮੋਹ ਮਾਸੂਮ ਨਾਲ ਇਸ ਕਦਰ ਪੈ ਚੁੱਕਾ ਹੈ ਕਿ ਹੁਣ ਉਸ ਤੋਂ ਬਿਨਾਂ ਜਿਊਣ ਬਾਰੇ ਉਹ ਸੋਚ ਵੀ ਨਹੀਂ ਸਕਦੀ। ਆਪਣੀ ਹੀ ਤਰ੍ਹਾਂ ਦੀ ਇਸ ਅਨੋਖੇ ਕੇਸ ਵਿਚ ਸਭ ਤੋਂ ਜ਼ਿਆਦਾ ਦੁਵਿਧਾ ਜਾਂਚ ਅਧਿਕਾਰੀ ਦੇ ਸਾਹਮਣੇ ਹੈ ਕਿ ਆਖਿਰ ਉਹ ਅਜਿਹੇ ਹਾਲਾਤ ਵਿਚ ਕੀ ਕਰੇ? ਇਹ ਕੇਸ ਮਾਛੀਵਾੜਾ ਨਾਲ ਸਬੰਧਤ ਇਕ ਗਰੀਬ ਪਰਿਵਾਰ ਦਾ ਹੈ, ਜਿਨ੍ਹਾਂ ਦੇ ਘਰ 4 ਮਹੀਨੇ ਪਹਿਲਾਂ ਨਵਜੰਮੇ ਬੱਚੇ ਨੇ ਜਨਮ ਲਿਆ ਸੀ, ਉਦੋਂ ਉਨ੍ਹਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਉਸ ਦਾ ਸਹੀ ਤਰ੍ਹਾਂ ਪਾਲਣ-ਪੋਸ਼ਣ ਕਰ ਸਕੇ। ਗਰੀਬੀ ਦੇ ਬੋਝ ਹੇਠ ਦੱਬੇ ਪਿਤਾ ਨੇ ਜਦੋਂ ਨਵਜੰਮੇ ਨੂੰ ਪੰਜਾਹ ਹਜ਼ਾਰ ਵਿਚ ਨਵਾਂਸ਼ਹਿਰ ਦੇ ਬੇ-ਔਲਾਦ ਜੋੜੇ ਨੂੰ ਵੇਚਿਆ ਤਾਂ ਨਵਜੰਮੇ ਨੂੰ ਨੌ ਮਹੀਨੇ ਤੱਕ ਆਪਣੀ ਕੁੱਖ ਵਿਚ ਰੱਖ ਕੇ ਪਾਲਣ ਵਾਲੀ ਮਜਬੂਰ ਮਾਂ ਦੀ ਮਮਤਾ ’ਤੇ ਗਰੀਬੀ ਦਾ ਬੋਝ ਭਾਰੀ ਪੈ ਗਿਆ। ਇਕ ਪਾਸੇ ਜਿੱਥੇ ਜਨਮ ਦੇਣ ਵਾਲੀ ਔਰਤ ਆਪਣੇ ਮਾਸੂਮ ਬੱਚੇ ਦੇ ਦੂਰ ਚਲੇ ਜਾਣ ਨਾਲ ਪਲ-ਪਲ ਮਰ ਰਹੀ ਸੀ ਤਾਂ ਉਥੇ ਦੂਜੇ ਪਾਸੇ ਵਿਆਹ ਦੇ 14 ਸਾਲ ਬੀਤ ਜਾਣ ਦੇ ਬਾਵਜੂਦ ਬੱਚਾ ਨਾ ਹੋਣ ਤੋਂ ਦੁਖੀ ਜੋੜੇ ਦੀ ਗੋਦ ਵਿਚ ਜਿਵੇਂ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਇਹ ਖੁਸ਼ੀ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕੀ ਅਤੇ ਆਖਰਕਾਰ ਜਨਮ ਦੇਣ ਵਾਲੀ ਮਾਂ ਨੇ ਬੱਚੇ ਨੂੰ ਵਾਪਸ ਹਾਸਲ ਕਰਨ ਲਈ ਕਾਨੂੰਨ ਦਾ ਦਰਵਾਜ਼ਾ ਖੜਕਾ ਦਿੱਤਾ।

ਕੇਸ ਡੀ. ਸੀ. ਨਵਾਂਸ਼ਹਿਰ ਵਿਨੇ ਬੂਬਲਾਨੀ ਦੇ ਕੋਲ ਪੁੱਜਾ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਦਾ ਜਿੰਮਾ ਚਾਈਲਡ ਵੈੱਲਫੇਅਰ ਕਮੇਟੀ ਨੂੰ ਭੇਜ ਕੇ ਜਾਂਚ ਦੇ ਹੁਕਮ ਦਿੱਤੇ। ਚਾਈਲਡ ਵੈੱਲਫੇਅਰ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਵੀਰਵਾਰ ਨੂੰ ਕਮੇਟੀ ਸਾਹਮਣੇ ਬੱਚੇ ਨੂੰ ਜਨਮ ਦੇਣ ਅਤੇ ਉਸ ਨੂੰ ਗੋਦ ਲੈਣ ਵਾਲੀਆਂ ਦੋਵੇਂ ਧਿਰਾਂ ਹਾਜ਼ਰ ਹੋਈਆਂ ਸਨ, ਜਦੋਂਕਿ ਇਸ ਅਡਾਪਸ਼ਨ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੀਆਂ ਦੋ ਹੋਰ ਔਰਤਾਂ ਬੁਲਾਉਣ ਦੇ ਬਾਵਜੂਦ ਨਹੀਂ ਆਈਆਂ ਸਨ। ਸੱਚ ਕੀ ਹੈ, ਇਸ ਨੂੰ ਜਾਣਨ ਲਈ ਉਨ੍ਹਾਂ ਔਰਤਾਂ ਦਾ ਜਾਂਚ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ। ਇਸ ਲਈ ਹੁਣ ਪੁਲਸ ਨੂੰ ਉਨ੍ਹਾਂ ਨੂੰ ਬੁਲਾਉਣ ਲਈ ਲਿਖਿਆ ਗਿਆ ਹੈ। ਅਗਲੇ ਹਫਤੇ ਮੁੜ ਦੋਵੇਂ ਪਰਿਵਾਰਾਂ ਅਤੇ ਦਲਾਲੀ ਕਰਨ ਵਾਲੀਆਂ ਔਰਤਾਂ ਨੂੰ ਬੁਲਾਇਆ ਜਾਵੇਗਾ, ਉਦੋਂ ਤੱਕ ਲਈ ਬੱਚਾ ਗੋਦ ਲੈਣ ਵਾਲੇ ਪਰਿਵਾਰ ਕੋਲ ਹੀ ਰਹੇਗਾ।

ਅਦਾਲਤ ’ਚ ਜਾ ਸਕਦੈ ਕੇਸ

ਦੱਸ ਦੇਈਏ ਕਿ ਆਪਣੀ ਹੀ ਤਰ੍ਹਾਂ ਦਾ ਵੱਖਰਾ ਇਹ ਕੇਸ ਆਉਣ ਵਾਲੇ ਦਿਨਾਂ ਵਿਚ ਅਦਾਲਤ ਵਿਚ ਜਾ ਸਕਦਾ ਹੈ ਕਿਉਂਕਿ ਜਿੱਥੇ ਜਨਮ ਦੇਣ ਵਾਲੀ ਮਾਂ ਬੱਚੇ ਨੂੰ ਵਾਪਸ ਮੰਗ ਰਹੀ ਹੈ, ਦੂਜੇ ਪਾਸੇ ਗੋਦ ਲੈਣ ਵਾਲੀ ਮਾਂ ਕਿਸੇ ਵੀ ਕੀਮਤ ’ਤੇ ਬੱਚੇ ਨੂੰ ਵਾਪਸ ਨਹੀਂ ਦੇਣਾ ਚਾਹੁੰਦੀ। ਅਜਿਹੇ ਵਿਚ ਕਮੇਟੀ ਲਈ ਜਾਂਚ ਦਾ ਵਿਸ਼ਾ ਇਹ ਰਹੇਗਾ ਕਿ ਕੀ ਬੱਚੇ ਦੀ ਅਡਾਪਸ਼ਨ ਹਿੰਦੂ ਅਡਾਪਸ਼ਨ ਐਂਡ ਮੇਨਟੀਨੈਂਸ ਐਕਟ ਤਹਿਤ ਹੋਈ ਹੈ ਜਾਂ ਨਹੀਂ, ਉਧਰ ਗੋਦ ਲੈਣ ਵਾਲੇ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਹਿਮਤੀ ਨਾਲ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਡਲਿਵਰੀ ’ਤੇ ਹੋਏ ਖਰਚ ਨੂੰ ਚੁਕਾਉਣ ਦੇ ਨਾਲ ਬਾਕਾਇਦਾ ਗਵਾਹਾਂ ਦੀ ਹਾਜ਼ਰੀ ਵਿਚ ਐਫੀਡੇਵਿਟ ਤਸਦੀਕ ਕਰਵਾਏ ਹੋਏ ਹਨ। ਹੁਣ ਕੇਸ ਆਉਣ ਵਾਲੇ ਦਿਨਾਂ ਵਿਚ ਅਦਾਲਤ ਵਿਚ ਜਾਣਾ ਤੈਅ ਹੈ। ਜਿੱਥੇ ਇਹ ਫੈਸਲਾ ਹੋਵੇਗਾ ਕਿ ਬੱਚਾ ਜਨਮ ਦੇਣ ਵਾਲੀ ਮਾਂ ਦੀ ਗੋਦ ਵਿਚ ਜਾਵੇਗਾ ਜਾਂ 14 ਸਾਲ ਤੋਂ ਸੁੰਨੀ ਗੋਦ ਵਾਲੀ ਉਸ ਮਾਂ ਦੇ ਕੋਲ ਰਹੇਗਾ ਜੋ ਪਿਛਲੇ ਚਾਰ ਮਹੀਨੇ ਤੋਂ ਮਾਸੂਮ ਨੂੰ ਆਪਣੀ ਛਾਤੀ ਨਾਲ ਲਾਈ ਉਸ ਦਾ ਪਾਲਣ-ਪੋਸ਼ਣ ਕਰ ਰਹੀ ਹੈ।

Bharat Thapa

This news is Content Editor Bharat Thapa