ਟਰਾਲੀ ਨੂੰ ਟਰੱਕ ਚਾਲਕ ਨੇ ਮਾਰੀ ਟੱਕਰ, ਕਿਸਾਨ ਦੀ ਮੌਤ

11/18/2023 6:20:15 PM

ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਪੰਜਾਬ ਤੋਂ ਗਿੱਦੜਬਾਹਾ ਵਿਖੇ ਨਰਮਾ ਵੇਚਣ ਲਈ ਜਾ ਰਹੇ ਕਿਸਾਨ ਦੀ ਟਰਾਲੀ ਨੂੰ ਇਕ ਟਰੱਕ ਚਾਲਕ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੜਕ ’ਤੇ ਡਿੱਗ ਕੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੀਬ ਸੁਰਜੀਤ ਕੁਮਾਰ (30) ਪੁੱਤਰ ਓਮ ਪ੍ਰਕਾਸ਼ ਆਪਣੇ ਇਕ ਸਾਥੀ ਨਾਲ ਬੀਤੀ ਸ਼ਾਮ ਟਰੈਕਟਰ-ਟਰਾਲੀ ਵਿਚ ਨਰਮਾ ਲੱਦ ਕੇ ਗਿੱਦੜਬਾਹਾ ਵੇਚਣ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 

ਇਸ ਨਾਲ ਟਰੈਕਟਰ ਦੇ ਸਾਈਡ ਵਾਲੀ ਸੀਟ ’ਤੇ ਬੈਠਾ ਸੁਰਜੀਤ ਕੁਮਾਰ ਇਕਦਮ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਦੇ ਨਾਲ ਬੈਠਾ ਸਹਿਯੋਗੀ ਅਤੇ ਟਰੈਕਟਰ ਚਾਲਕ ਉਸਨੂੰ ਬਠਿੰਡਾ ਦੇ ਹਸਪਤਾਲ ਵਿਚ ਲੈ ਗਏ, ਜਿਥੇ ਉਸਦੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾਈ ਸਕੱਤਰ ਗੁਣਵੰਤ ਪੰਜਾਬਾ ਨੇ ਗਿੱਦੜਬਾਹਾ ਵਿਖੇ ਪਹੁੰਚ ਕੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਟਰੱਕ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

Gurminder Singh

This news is Content Editor Gurminder Singh