ਕਾਂਗਰਸੀਆਂ ''ਤੇ ਹਮਲੇ ਕਰਨ ਵਾਲੇ ਅਕਾਲੀ ਵਰਕਰ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਹਨ : ਬਾਜਵਾ

08/20/2017 8:19:52 PM

ਲੁਧਿਆਣਾ (ਖੁਰਾਣਾ)-ਰਾਜ ਭਰ 'ਚ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ 'ਤੇ ਕੀਤੇ ਜਾ ਰਹੇ ਕਾਤਲਾਨਾ ਹਮਲੇ ਅਕਾਲੀਆਂ ਦੀ ਬੁਖਲਾਹਟ ਦਾ ਨਤੀਜਾ ਹੈ ਕਿ ਕਿਸ ਤਰ੍ਹਾਂ ਸੱਤਾ ਹੱਥੋਂ ਜਾਂਦੇ ਹੀ ਪਾਰਟੀ ਦੇ ਨੇਤਾ ਤੇ ਵਰਕਰ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਦੇ ਹਨ ਉਕਤ ਵਿਚਾਰ ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਗਟ ਕੀਤੇ। ਸ. ਬਾਜਵਾ ਅੱਜ ਲੁਧਿਆਣਾ ਦੇ ਪੰਜਾਬੀ ਭਵਨ 'ਚ ਪ੍ਰੈੱਸ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਯੋਜਿਤ ਫੋਟੋ ਪ੍ਰਦਰਸ਼ਨੀ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਇੰਡਸਟਰੀ ਤੇ ਕਿਸਾਨੀ ਬੁਰੇ ਦੌਰ ਦਾ ਸਾਹਮਣਾ ਕਰ ਰਹੀ ਹੈ ਜਿਸ ਨੂੰ ਪਟੜੀ 'ਤੇ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਕੋਸ਼ਿਸ਼ ਕਰ ਰਹੇ ਹਨ। ਮੰਤਰੀ ਬਾਜਵਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਰਾਜ ਦੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਪ੍ਰਥਮ ਟੀਚਾ ਹੈ ਕਿ ਸਰਕਾਰੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਮੁਕਤ ਕਰਵਾਇਆ ਜਾਵੇ। ਜਿਸ ਨਾਲ ਨਾ ਕੇਵਲ ਬੇਰੁਜ਼ਗਾਰ ਵਰਗ ਵਿਚ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਬਲਕਿ ਕਬਜ਼ਾ ਮੁਕਤ ਜ਼ਮੀਨਾਂ ਨੂੰ ਪਟੇ 'ਤੇ ਚੜ੍ਹਾਉਣ ਨਾਲ ਸਰਕਾਰ ਨੂੰ ਵੱਡਾ ਰੈਵੇਨਿਊ ਵੀ ਮਿਲੇਗਾ। ਨਾਲ ਹੀ ਸ. ਬਾਜਵਾ ਨੇ ਪੇਂਡੂ ਇਲਾਕਿਆਂ ਵਿਚ ਪੈਂਦੇ ਛੱਪੜਾਂ ਦੀ ਸਾਫ-ਸਫਾਈ ਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਕ ਅਹਿਮ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਬਰਸਾਤੀ ਪਾਣੀ ਨੂੰ ਰੀਸਾਈਕਲ ਕਰ ਕੇ ਉਸਨੂੰ ਘਰਾਂ ਦੇ ਕੰਮਕਾਜ ਦੀ ਵਰਤੋਂ ਯੋਗ ਬਣਾਇਆ ਜਾਵੇਗਾ। ਜਿਸ ਨਾਲ ਨਾ ਕੇਵਲ ਪੰਚਾਇਤਾਂ ਨੂੰ ਇਲਾਕੇ ਵਿਚ ਖੜ੍ਹੇ ਹੋਣ ਵਾਲੇ ਬਰਸਾਤੀ ਪਾਣੀ ਤੋਂ ਨਿਜਾਤ ਮਿਲੇਗੀ ਬਲਕਿ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਨ 'ਚ ਇਹ ਕਦਮ ਮੀਲ ਦਾ ਪੱਥਰ ਸਾਬਤ ਹੋਵੇਗਾ।