ਪੰਜਾਬ ਦੇ ਮੰਤਰੀਆਂ ਦਾ ਬਾਦਲਾਂ 'ਤੇ ਨਿਸ਼ਾਨਾ, ਮਹੰਤਾਂ ਵਾਂਗ ਅਕਾਲੀ ਦਲ 'ਤੇ ਕੀਤਾ ਜਮਾਂਦਰੂ ਕਬਜ਼ਾ

01/13/2020 9:43:49 AM

ਚੰਡੀਗੜ੍ਹ/ਅੰਮ੍ਰਿਤਸਰ(ਸ਼ਰਮਾ,ਵਾਲੀਆ) : ਸ਼੍ਰੋਮਣੀ ਅਕਾਲੀ ਦਲ ਅੰਦਰ ਸੁਖਬੀਰ ਬਾਦਲ ਵਿਰੁੱਧ ਵਧਦੇ ਭਾਰੀ ਵਿਰੋਧ ਕਾਰਣ ਪੰਜਾਬ ਦੇ ਕਈ ਮੰਤਰੀਆਂ ਨੇ ਐਤਵਾਰ ਨੂੰ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ, ਜਿਸ 'ਤੇ ਹੋਏ ਬਾਦਲਾਂ ਦੇ ਪੂਰੀ ਤਰ੍ਹਾਂ ਨਿੱਜੀ ਕੰਟਰੋਲ ਨੂੰ ਮੁਕਤ ਕਰਨ ਦੀ ਲੋੜ ਹੈ।

ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਸੁਖਬੀਰ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਪਾਰਟੀ ਦੇ ਸੂਬਾਈ ਮਾਮਲਿਆਂ 'ਚ ਵਧੇ ਦਖ਼ਲ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਹਰਸਿਮਰਤ ਬਾਦਲ ਦਾ ਬਿਨਾਂ ਮੈਂਬਰ ਤੋਂ ਬੈਠਣਾ ਉਸ ਦੇ ਵਧਦੇ ਦਖ਼ਲ ਦੀ ਨਿਸ਼ਾਨੀ ਹੈ। ਮੰਤਰੀਆਂ ਨੇ ਕਿਹਾ ਕਿ ਸਿਤਮ ਜ਼ਰੀਫੀ ਦੇਖੋ ਜਿਨ੍ਹਾਂ ਅਕਾਲੀਆਂ ਨੇ 20ਵੀਂ ਸਦੀ ਦੇ ਸ਼ੁਰੂ 'ਚ ਗੁਰਦੁਆਰਿਆਂ 'ਤੇ ਕਾਬਜ਼ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਇਤਿਹਾਸਕ ਲੜਾਈ ਲੜੀ, ਅੱਜ ਉਸੇ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਨੇ ਮਹੰਤਾਂ ਦੀ ਤਰਜ਼ 'ਤੇ ਜਮਾਂਦਰੂ ਕਬਜ਼ਾ ਕੀਤਾ ਹੋਇਆ ਹੈ।

ਉਨ੍ਹਾਂ ਪੁੱਛਿਆ ਕਿ ਬ੍ਰਿਟਿਸ਼ ਭਾਰਤ ਵੇਲੇ ਮਹੰਤਾਂ/ਉਦਾਸੀਆਂ ਰਾਹੀਂ ਉਤਸ਼ਾਹਤ ਕੀਤੀ ਖਾਨਦਾਨੀ ਪ੍ਰੰਪਰਾ ਅਤੇ ਬਾਦਲਾਂ ਵਿਚਾਲੇ ਕੀ ਅੰਤਰ ਹੈ, ਜੋ ਖੁਲ੍ਹੇਆਮ ਨਿੱਡਰ ਹੋ ਕੇ ਇਕੋ ਜਿਹੇ ਸੱਭਿਆਚਾਰ ਦੀ ਪਾਲਣਾ ਕਰ ਰਹੇ ਹਨ ਤਾਂ ਜੋ ਅਕਾਲੀ ਦਲ ਉੱਪਰ ਪਰਿਵਾਰ ਦਾ ਕਬਜ਼ਾ ਕਾਇਮ ਰਹੇ? ਮੰਤਰੀਆਂ ਨੇ ਕਿਹਾ ਕਿ ਹਰਸਿਮਰਤ ਦੀ ਕੇਂਦਰੀ ਮੰਤਰੀ ਵਜੋਂ ਕੀਤੇ ਜਾ ਸਕਣ ਵਾਲੇ ਅਹਿਮ ਕੰਮਾਂ ਦੀਆਂ ਕੀਮਤਾਂ 'ਤੇ ਅਕਾਲੀ ਦਲ ਅਤੇ ਪੰਜਾਬ ਮਾਮਲਿਆਂ 'ਚ ਵਧਦੀ ਸ਼ਮੂਲੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਰਟੀ ਦੇ ਆਗੂ ਅਤੇ ਵਰਕਰ ਸੁਖਬੀਰ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ।

ਢੀਂਡਸਾ ਪਿਓ-ਪੁੱਤ ਦੀ ਜੋੜੀ, ਜਿਨ੍ਹਾਂ ਨੂੰ ਪਹਿਲਾਂ ਹੀ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ, ਦੀ ਬਗਾਵਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਕਾਸ਼ ਬਾਦਲ ਦੇ ਸਮੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਿਆ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ 'ਚ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਮੀਟਿੰਗ 'ਚ ਹਰਸਿਮਰਤ ਬਾਦਲ ਵੀ ਮੌਜੂਦ ਸੀ। ਢੀਂਡਸਾ ਨੇ ਬਾਦਲਾਂ ਵਲੋਂ ਅਕਾਲੀ ਦਲ ਦੇ ਦਮਘੋਟੂ ਕੰਟਰੋਲ ਵਿਰੁੱਧ ਖੁੱਲ੍ਹੇਆਮ ਬਾਗਵਤ ਕੀਤੀ ਸੀ ਅਤੇ ਪਾਰਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਅਤੇ ਇਸ ਦੀ ਗੁਆਚੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਦੇ ਸੰਦਰਭ 'ਚ ਬੋਲਦਿਆਂ ਮੰਤਰੀਆਂ ਨੇ ਕਿਹਾ ਕਿ ਇਹੋ ਬਿਆਨ ਸੁਖਬੀਰ ਦੀ ਅਗਵਾਈ ਵਿਰੁੱਧ ਪਾਰਟੀ 'ਚ ਵਧ ਰਹੀ ਭਟਕਣ ਅਤੇ ਪਾਰਟੀ 'ਚ ਸੁਤੰਰਤਤਾ ਦੀ ਘਾਟ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਜੇ ਪਾਰਟੀ ਦੇ ਸੀਨੀਅਰ ਆਗੂ ਲੀਡਰਸ਼ਿਪ ਅਤੇ ਵਿਚਾਰਧਾਰਾ ਦੀ ਘਾਟ ਤੋਂ ਇੰਨੇ ਨਾਖੁਸ਼ ਹਨ ਤਾਂ ਅਸੀਂ ਸਿਰਫ਼ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਪਾਰਟੀ ਦੇ ਆਮ ਵਰਕਰ ਕਿੰਨੇ ਅਸੰਤੁਸ਼ਟ ਹੋਣਗੇ।

ਮੰਤਰੀਆਂ ਨੇ ਕੈਪਟਨ ਸਰਕਾਰ ਖਿਲਾਫ਼ ਸੁਖਬੀਰ ਵਲੋਂ ਹਾਲ ਹੀ 'ਚ ਲਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਅਤੇ ਪਾਰਟੀ 'ਚ ਸੁਖਬੀਰ ਖਿਲਾਫ਼ ਵਧ ਰਹੀ ਨਾਰਾਜ਼ਗੀ ਤੋਂ ਧਿਆਨ ਹਟਾਉਣ ਦੀ ਇਕ ਨਿਰਾਸ਼ਾਜਨਕ ਕੋਸ਼ਿਸ਼ ਦੱਸਿਆ। ਆਪਣੀ ਅਸਫ਼ਲਤਾ ਦਾ ਸਾਹਮਣਾ ਕਰਨ ਤੋਂ ਅਸਮਰੱਥ ਸੁਖਬੀਰ ਪੰਜਾਬ ਦੇ ਲੋਕਾਂ ਨੂੰ ਲੁਭਾਉਣ ਲਈ ਝੂਠੀਆਂ ਅਤੇ ਮਨਘੜਤ ਗੱਲਾਂ ਦੇ ਇਸਤੇਮਾਲ ਨਾਲ ਸੱਤਾਧਾਰੀ ਕਾਂਗਰਸ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਸਹਾਰਾ ਲੈ ਰਿਹਾ ਹੈ। ਮੰਤਰੀਆਂ ਨੇ ਅੱਗੇ ਕਿਹਾ ਕਿ ਪਰ ਪੰਜਾਬ ਦੇ ਲੋਕਾਂ ਨੇ ਕੈਪ. ਅਮਰਿੰਦਰ ਸਿੰਘ ਦੀ ਸਕਾਰਾਤਮਕ, ਵਿਕਾਸ ਪੱਖੀ ਅਤੇ ਪ੍ਰਗਤੀਸ਼ੀਲ ਅਗਵਾਈ 'ਚ ਭਰੋਸਾ ਜਤਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲਾਂ ਦੀ ਵਿਨਾਸ਼ਕਾਰੀ ਅਤੇ ਵੱਖਵਾਦੀ ਅਗਵਾਈ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ।

ਮੰਤਰੀਆਂ ਨੇ ਕਿਹਾ ਕਿ ਜਿੱਥੋਂ ਤੱਕ ਹਰਸਿਮਰਤ ਦਾ ਸਬੰਧ ਹੈ, ਉਹ ਅਕਾਲੀ ਦਲ ਦੇ ਪੰਜਾਬ ਮਾਮਲਿਆਂ 'ਚ ਆਉਣ ਦੀ ਬਜਾਏ ਆਪਣਾ ਸਮਾਂ ਤੇ ਸ਼ਕਤੀ ਕੇਂਦਰ ਸਰਕਾਰ 'ਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲਾਏ ਜਿਸ ਸਰਕਾਰ ਦਾ ਉਹ ਹਿੱਸਾ ਹੈ। ਮੰਤਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਾਦਲ ਪਰਿਵਾਰ ਅਕਾਲੀ ਦਲ 'ਚੋਂ ਲਾਂਭੇ ਹੋ ਕੇ ਅਜਿਹੇ ਆਗੂਆਂ ਹੱਥ ਕਮਾਨ ਸੌਂਪੇ ਜੋ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਬਾਦਲਾਂ ਨੇ ਅਜਿਹਾ ਨਾ ਕੀਤਾ ਤਾਂ ਅਕਾਲੀ ਦਲ ਨੂੰ ਪੰਜਾਬ ਤੇ ਭਾਰਤ ਦੇ ਰਾਜਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ।


cherry

Content Editor

Related News