...ਤੇ ਹੁਣ ਬਾਜਵਾ ਨੇ ਸੁਖਬੀਰ ਤੋਂ ਮੰਗਿਆ ਅਸਤੀਫ਼ਾ

09/27/2020 6:40:54 PM

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਆਪਣੇ ਅਹੁਦ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਮੋਦੀ ਸਰਕਾਰ ਵਿਚ ਲੰਬੇ ਸਮੇਂ ਤੋਂ ਭਾਈਵਾਲ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ। ਉਸ ਨੂੰ ਹੁਣ ਕੋਈ ਨੈਤਿਕ ਅਤੇ ਸਿਆਸੀ ਹੱਕ ਨਹੀਂ ਹੈ ਕਿ ਉਹ ਆਪਣੇ ਅਹੁਦੇ 'ਤੇ ਕਾਇਮ ਰਹੇ। ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਕੇ ਕੌਮੀ ਜਮਹੂਰੀ ਗਠਜੋੜ ਵਿਚੋਂ ਬਾਹਰ ਆਉਣ ਦਾ ਫ਼ੈਸਲਾ ਦਰਅਸਲ ਅਕਾਲ਼ੀ ਦਲ ਦਾ 'ਕਬੂਲਨਾਮਾ' ਹੈ ਕਿ ਉਹ ਹੁਣ ਤੱਕ ਮੁਲਕ ਵਿਚ ਹਕੀਕੀ ਫੈਡਰਲ ਢਾਂਚਾ ਲਾਗੂ ਕਰਨ, ਰਾਇਪੇਰੀਅਨ ਸਿਧਾਂਤ 'ਤੇ ਬੇਸਨ ਸਿਧਾਂਤ ਅਨੁਸਾਰ ਦਰਿਆਈ ਪਾਣੀਆਂ ਦੀ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਅਤੇ ਸਜ਼ਾਵਾਂ ਭੁਗਤਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲਾਂ ਵਿਚ ਸੜ ਰਹੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਲੜਾਈ ਲੜਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਦੀ ਹੀ ਪੂਰਤੀ ਤੱਕ ਹੀ ਸੀਮਤ ਰਹੀ ਹੈ।

ਇਹ ਵੀ ਪੜ੍ਹੋ :  ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਤੋਂ ਬਾਅਦ ਭਾਜਪਾ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ

ਪੰਚਾਇਤ ਮੰਤਰੀ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਕਿਸੇ ਅਸੂਲ-ਪ੍ਰਸਤੀ ਜਾਂ ਨੈਤਿਕਤਾ ਵਿਚੋਂ ਨਹੀਂ ਤੋੜਿਆ ਸਗੋਂ ਸਿਆਸੀ ਮਜ਼ਬੂਰੀ ਕਾਰਨ ਤੋੜਿਆ ਹੈ ਕਿਉਂਕਿ ਪੰਜਾਬੀਆਂ ਨੇ 25 ਸਤੰਬਰ ਨੂੰ ਅਕਾਲੀ ਦਲ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਇਹ ਦਰਸਾ ਦਿੱਤਾ ਕਿ ਉਹ ਹੁਣ ਅਕਾਲੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸੱਤਵੇਂ ਅਸਮਾਨ ਚੜ੍ਹੇ ਰੋਹ ਅਤੇ ਜੋਸ਼ ਨੇ ਅਕਾਲੀ ਲੀਡਰਸ਼ਿਪ ਦੀ ਹੋਸ਼ ਟਿਕਾਣੇ ਲਿਆਂਦੀ ਅਤੇ ਉਸ ਨੂੰ ਮਜ਼ਬੂਰਨ ਕਿਸਾਨ ਮਾਰੂ ਬਿੱਲਾਂ ਦੀ ਹਿਮਾਇਤ ਦਾ ਪਿਛਲੇ ਚਾਰ ਮਹੀਨਿਆਂ ਤੋਂ ਅਲਾਪਿਆ ਜਾ ਰਿਹਾ ਘਰਾਟ ਰਾਗ ਛੱਡ ਕੇ ਮੋਦੀ ਸਰਕਾਰ ਵਿਚੋਂ ਵੀ ਬਾਹਰ ਆਉਣਾ ਪਿਆ ਅਤੇ ਭਾਜਪਾ ਨਾਲੋਂ ਵੀ ਆਪਣਾ 'ਨਹੁੰ-ਮਾਸ ਵਾਲਾ ਰਿਸ਼ਤਾ' ਤੋੜਣਾ ਪਿਆ। ਅਕਾਲੀ ਦਲ ਦੀ ਹਾਲਤ ਹੁਣ 'ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਹੂਏ' ਵਾਲੀ ਹੋ ਗਈ ਹੈ।

ਇਹ ਵੀ ਪੜ੍ਹੋ :  ਗਠਜੋੜ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ

ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਿਆਸੀ ਦੋਗਲੀ ਰਾਜਨੀਤੀ ਜਦੋਂ ਹੁਣ ਖੇਤੀ ਬਿਲਾਂ ਦੇ ਮਾਮਲੇ ਉੱਤੇ ਬਿਲਕੁਲ ਹੀ ਬੇਪਰਦ ਹੋ ਗਈ ਤਾਂ ਇਸ ਉੱਤੇ ਮੁੜ ਪਰਦਾਪੋਸ਼ੀ ਕਰਨ ਲਈ ਹੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪਹਿਲਾਂ ਮੋਦੀ ਸਰਕਾਰ ਵਿਚੋਂ ਬਾਹਰ ਆਉਣ ਅਤੇ ਹੁਣ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਣ ਦਾ ਫੈਸਲਾ ਕਰਨ ਦੇ ਪਾਪੜ ਵੇਲ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਖੇਤੀ ਆਰਡੀਨੈਂਸ ਦੇ ਹੱਕ ਵਿਚ ਬਿਆਨ ਦੁਆ ਕੇ ਉਹਨਾਂ ਦੇ ਵਕਾਰ ਨੂੰ ਢਾਹ ਲਾਈ। ਪੰਚਾਇਤ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਪੱਛਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਨੂੰ ਖੇਤੀ ਆਰਡੀਨੈਂਸਾਂ ਸਬੰਧੀ ਗੁੰਮਰਾਹ ਕਰ ਰਹੇ ਸਨ ਤਾਂ ਹੁਣ ਤੁਹਾਨੂੰ ਕੌਣ ਗੁੰਮਰਾਹ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦੱਸਣ ਕਿ ਜਿਹੜੇ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਸਨ ਉਹੀ ਆਰਡੀਨੈਂਸ ਕਾਨੂੰਨ ਬਣਨ ਸਮੇਂ ਰਾਤੋ ਰਾਤ ਕਿਸਾਨ ਵਿਰੋਧੀ ਕਿਵੇਂ ਬਣ ਗਏ?

ਇਹ ਵੀ ਪੜ੍ਹੋ :  ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ

Gurminder Singh

This news is Content Editor Gurminder Singh