ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

07/22/2019 5:52:22 PM

ਜਲਾਲਾਬਾਦ (ਗੁਲਸ਼ਨ) - ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਫ੍ਰੈਡਜ਼ ਕਲੱਬ ਰਜ਼ਿ. ਨੇ ਬੀ.ਐੱਸ.ਐੱਫ. 118ਵੀਂ ਬਟਾਲੀਅਨ ਨਾਲ ਮਿਲ ਕੇ ਸਰਹੱਦੀ ਚੌਂਕੀ ਡੀ.ਆਰ.ਡੀ. ਨਾਥ 'ਚ ਕਾਰਗਿਲ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ 'ਚ ਬੀ.ਐੱਸ.ਐੱਫ. ਦੇ ਜਵਾਨਾਂ ਤੋਂ ਇਲਾਵਾ ਸਮਾਜਸੇਵੀਆਂ ਅਤੇ ਪਤਵੰਤਿਆਂ ਦੇ ਨਾਲ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਭਾਗ ਲਿਆ। ਸ਼ਰਧਾਂਜਲੀ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਬੀ.ਐੱਸ.ਐੱਫ. ਦੇ ਕਮਾਡੈਂਟ ਅਧਿਕਾਰੀ ਤਰਸੇਮ ਸਿੰਘ, ਉਦਯੋਗਪਤੀ ਕਪਿਲ ਗੂੰਬਰ, ਪੰਜਾਬ ਨੈਸ਼ਨਲ ਬੈਂਕ ਦੇ ਏ.ਜੀ.ਐੱਮ. ਲਛਮਣ ਦਾਸ ਸੀਕਰੀ ਆਦਿ ਪਹੁੰਚੇ।

ਮੁੱਖ ਮਹਿਮਾਨਾਂ ਨੇ ਫ੍ਰੈਡਜ਼ ਕਲੱਬ ਦੇ ਪ੍ਰਧਾਨ ਬੋਬੀ ਅਰੋੜਾ, ਸੁਨੀਲ ਸਿੰਘ, ਸੁਰਿੰਦਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਦੇ ਨਾਲ ਮਿਲ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ 1971 'ਚ ਭਾਰਤ-ਪਾਕਿ ਲੜਾਈ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਸਮਾਧੀ 'ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸ਼ਰਧਾਂਜਲੀ ਸਮਾਗਮ 'ਚ ਆਏ ਹੋਏ ਮਹਿਮਾਨਾਂ ਨੇ ਪਤਵੰਤਿਆਂ ਨਾਲ ਮਿਲ ਕੇ ਚੌਂਕੀ 'ਚ 500 ਦੇ ਕਰੀਬ ਪੌਦੇ ਲਗਾਏ। ਬੀ.ਐੱਸ.ਐੱਫ.ਦੇ ਸਹਾਇਕ ਕਮਾਡੈਂਟ ਅਧਿਕਾਰੀ ਤਰਸੇਮ ਸਿੰਘ ਅਤੇ ਬੋਬੀ ਅਰੋੜਾ ਨੇ ਦੱਸਿਆ ਕਿ ਕਾਰਗਿਲ ਵਿਜੇ ਦਿਵਸ ਦੀ 20 ਵੀਂ ਵਰੇਗੰਢ 'ਤੇ ਉਹ ਦੇਸ਼ ਦੇ ਉਨ੍ਹਾਂ ਮਹਾਨ ਜੋਧਿਆਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹਨ, ਜਿੰਨਾਂ ਨੇ ਦੇਸ਼ ਦੀ ਖਾਤਰ ਆਪਣੇ ਜੀਵਨ ਦਾ ਬਲੀਦਾਨ ਦਿੱਤਾ।

rajwinder kaur

This news is Content Editor rajwinder kaur