ਟਰੈਵਲ ਕਾਰੋਬਾਰੀ ਦੀ ਲੜਕੀ ਨੂੰ ਨੌਕਰ ਕਰਦਾ ਸੀ ਪਰੇਸ਼ਾਨ, ਝਿੜਕਿਆ ਤਾਂ ਭੱਜ ਗਿਆ

08/02/2017 6:41:00 PM

ਜਲੰਧਰ(ਪ੍ਰੀਤ)— ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ ਕੁੰਜ ਇਲਾਕੇ ਵਿਚ 16 ਸਾਲ ਦਾ ਲੜਕਾ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ। 26 ਜੁਲਾਈ ਦੀ ਰਾਤ ਤੋਂ ਲਾਪਤਾ ਹੋਏ ਨੌਜਵਾਨ ਦੇ ਪਰਿਵਾਰ ਵਾਲਿਆਂ ਦੀ ਥਾਣਾ ਮਕਸੂਦਾਂ ਦੀ ਪੁਲਸ ਨੇ ਸੁਣਵਾਈ ਨਹੀਂ ਕੀਤੀ ਪਰ ਹੁਣ ਜਦੋਂ ਪੀੜਤ ਪਰਿਵਾਰ ਨੇ 181 'ਤੇ ਸ਼ਿਕਾਇਤ ਕੀਤੀ ਤਾਂ ਸੋਮਵਾਰ ਦੀ ਰਾਤ ਹਰਕਤ ਵਿਚ ਆਈ ਥਾਣਾ ਮਕਸੂਦਾਂ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। 
ਜਾਣਕਾਰੀ ਮੁਤਾਬਕ ਜਲੰਧਰ ਕੁੰਜ ਵਾਸੀ ਰਮਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਬੇਟਾ ਨੇੜੇ ਹੀ ਰਹਿੰਦੇ ਟਰੈਵਲ ਕਾਰੋਬਾਰੀ ਦੇ ਦਫਤਰ ਵਿਚ ਕੰਮ ਕਰਦਾ ਸੀ, ਜਿਸ ਕਾਰਨ ਉਹ ਕਾਰੋਬਾਰੀ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। 26 ਜੁਲਾਈ ਨੂੰ ਟਰੈਵਲ ਕਾਰੋਬਾਰੀ ਨੇ ਲੜਕੇ ਨੂੰ ਆਪਣੇ ਘਰ ਬੁਲਾਇਆ, ਉਸ ਤੋਂ ਬਾਅਦ ਅੰਕਿਤ ਦਾ ਕੁਝ ਪਤਾ ਨਹੀਂ ਲੱਗਾ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਉਹ ਕਿਤੇ ਭੱਜ ਗਿਆ ਹੈ। 
ਥਾਣਾ ਮਕਸੂਦਾਂ ਦੀ ਪੁਲਸ ਮੁਤਾਬਕ ਜਾਂਚ ਵਿਚ ਪਤਾ ਲੱਗਾ ਹੈ ਕਿ ਅੰਕਿਤ ਟਰੈਵਲ ਕਾਰੋਬਾਰੀ ਦੇ ਘਰ ਆਉਂਦਾ-ਜਾਂਦਾ ਸੀ। ਅੰਕਿਤ ਨੇ ਉਨ੍ਹਾਂ ਦੀ ਬੇਟੀ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਅਣਪਛਾਤੇ ਨੰਬਰ ਤੋਂ ਮੈਸੇਜ ਅਤੇ ਕਾਲ ਕਰਕੇ ਤੰਗ ਕਰਨ ਲੱਗਾ। 26 ਜੁਲਾਈ ਦੀ ਸ਼ਾਮ ਜਦੋਂ ਟਰੈਵਲ ਕਾਰੋਬਾਰੀ ਨੇ ਉਸ ਨੂੰ ਘਰ ਬੁਲਾਇਆ ਅਤੇ ਮਾਰਕੀਟ ਕਿਸੇ ਕੰਮ ਲਈ ਭੇਜਿਆ ਤਾਂ ਇਸ ਦੌਰਾਨ ਅੰਕਿਤ ਦਾ ਮੋਬਾਈਲ ਉਥੇ ਰਹਿ ਗਿਆ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅੰਕਿਤ ਕੋਲ ਉਹੀ ਨੰਬਰ ਹੈ, ਜਿਸ ਨੰਬਰ 'ਤੋਂ ਮੈਸੇਜ ਕਰਦਾ ਸੀ। ਥਾਣਾ ਮਕਸੂਦਾਂ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਟਰੈਵਲ ਕਾਰੋਬਾਰੀ ਨੇ ਅੰਕਿਤ ਨੂੰ ਝਿੜਕਿਆ ਵੀ ਸੀ। ਇਸ ਤੋਂ ਬਾਅਦ ਅੰਕਿਤ ਕਿਤੇ ਚਲਾ ਗਿਆ। ਇੰਸਪੈਕਟਰ ਜਸਵਿੰਦਰ ਸਿੰਘ ਮੁਤਾਬਕ 27 ਜੁਲਾਈ ਨੂੰ ਅੰਕਿਤ ਦੀ ਟਾਵਰ ਲੁਕੇਸ਼ਨ ਦਿੱਲੀ ਦੀ ਮਿਲੀ ਸੀ ਅਤੇ ਫਿਰ ਮੋਬਾਈਲ ਸਵਿੱਚ ਆਫ ਆਉਣ ਲੱਗਾ। ਉਨ੍ਹਾਂ ਦੱਸਿਆ ਕਿ ਅੰਕਿਤ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਧਾਰਾ 346 ਆਈ. ਪੀ. ਸੀ. ਦੇ ਅਧੀਨ ਕੇਸ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।