ਧੋਖੇਬਾਜ਼ ਟਰੈਵਲ ਏਜੰਟਾਂ ਦੇ ਜਾਲ ''ਚ ਬੁਰੀ ਤਰ੍ਹਾਂ ਫਸਿਆ ਕਪੂਰਥਲਾ ਸ਼ਹਿਰ , ਪ੍ਰਸ਼ਾਸਨ ਖਾਮੋਸ਼

12/01/2019 12:15:07 PM

ਕਪੂਰਥਲਾ (ਮਹਾਜਨ)— ਜ਼ਿਲੇ 'ਚ ਇਸ ਸਮੇਂ ਵੱਡੇ ਪੱਧਰ 'ਤੇ ਧੋਖੇਬਾਜ਼ (ਨਕਲੀ) ਟਰੈਵਲ ਏਜੰਟ ਆਪਣੇ ਪੈਰ ਜਮਾਈ ਬੈਠੇ ਹਨ ਜੋ ਦਿਨ-ਦਿਹਾੜੇ ਹੀ ਭੋਲੇ-ਭਾਲੇ ਲੋਕਾਂ ਦੀ ਲੁੱਟ ਕਰ ਰਹੇ ਹਨ। ਪੰਜਾਬ ਦੇ ਦੋਆਬਾ ਖੇਤਰ ਦੇ ਲੋਕਾਂ 'ਤੇ ਵਿਦੇਸ਼ ਜਾਣ ਦਾ ਭੂਤ ਇਸ ਤਰ੍ਹਾਂ ਸਵਾਰ ਹੈ, ਜਿਸ ਤਰ੍ਹਾਂ ਕਿਸੇ ਲਾੜੇ ਨੂੰ ਵਿਆਹ ਦਾ ਹੋਵੇ। ਬੇਸ਼ੱਕ ਪੈਸੇ ਖਰਚ ਕਰਕੇ ਪੰਜਾਬੀ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਨ੍ਹਾਂ ਦੇ ਪੈਸਿਆਂ ਦੀ ਪੂਰੀ ਕੀਮਤ ਵੀ ਕੁਝ ਟਰੈਵਲ ਏਜੰਟ ਨਹੀਂ ਪਾਉਣ ਦੇਣ ਰਹੇ ਹਨ। ਅੱਜ ਦੇ ਸਮੇਂ 'ਚ ਕਪੂਰਥਲਾ ਸ਼ਹਿਰ ਧੋਖੇਬਾਜ਼ ਟਰੈਵਲ ਏਜੰਟਾਂ ਦੇ ਜਾਲ 'ਚ ਬੁਰੀ ਤਰ੍ਹਾਂ ਫਸ ਗਿਆ ਹੈ ਅਤੇ ਪ੍ਰਸ਼ਾਸਨ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ।

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਰ ਰਹੇ ਕੰਮ
ਦੋਹਰ ਸ਼ਹਿਰ ਅਤੇ ਕਸਬਿਆਂ 'ਚ ਵੱਡੇ ਪੱਧਰ 'ਤੇ ਦਫਤਰ ਖੋਲ੍ਹੀ ਬੈਠੇ ਕਈ ਟਰੈਵਲ ਏਜੰਟਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਬਿਨਾਂ ਰਜਿਸਟਰੇਸ਼ਨ ਵਾਲੇ ਟਰੈਵਲ ਏਜੰਟ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬੇਰੋਕ ਟੋਕ ਕੰਮ ਕਰ ਰਹੇ ਹਨ ਅਤੇ ਇਨ੍ਹਾਂ 'ਤੇ ਰਾਜਨੀਤਕ ਲੋਕਾਂ ਦਾ ਵੀ ਹੱਥ ਹੈ । ਜਿਸ ਕਾਰਨ ਇਹ ਕਥਿਤ ਟਰੈਵਲ ਏਜੰਟ ਲੋਕਾਂ ਦੇ ਨਾਲ ਸ਼ਰੇਆਮ ਠੱਗੀਆਂ ਮਾਰ ਰਹੇ ਹਨ ਅਤੇ ਵਿਦੇਸ਼ਾਂ ਨੂੰ ਭੇਜਣ ਦਾ ਝਾਂਸਾ ਦੇ ਰਹੇ ਹਨ । ਕਥਿਤ ਨਕਲੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਦੇ ਲਈ ਚਾਹੇ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਇਕ ਮੁਹਿੰਮ ਚਲਾਈ ਸੀ ਪਰ ਉਕਤ ਮੁਹਿੰਮ ਵਿਚਕਾਰ ਹੀ ਲਟਕ ਕੇ ਰਹਿ ਗਈ ਕਿਉਂਕਿ ਸਰਕਾਰ ਇਕ ਵਾਰ ਫਰਮਾਨ ਜਾਰੀ ਕਰਨ ਤੋਂ ਬਾਅਦ ਕਥਿਤ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨੀ ਭੁੱਲ ਗਈ। ਸਰਕਾਰ ਨੇ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਸੁਣਾਇਆ ਸੀ ਉਕਤ ਅਧਿਕਾਰੀ ਵੀ ਕਥਿਤ ਟਰੈਵਲ ਏਜੰਟਾਂ ਦੇ ਨਾਲ ਸੈਟਿੰਗ ਕਰ ਕੇ ਬੈਠ ਜਾਂਦੇ ਹਨ ਜਦਕਿ ਸਹੀ ਤਰੀਕੇ ਨਾਲ ਰਜਿਸਟਰੇਸ਼ਨ ਕਰਵਾ ਕੇ ਆਪਣਾ ਰੋਜ਼ਗਾਰ ਚਲਾਉਣ ਵਾਲੇ ਟਰੈਵਲ ਏਜੰਟ ਫਰਜ਼ੀ ਏਜੰਟਾਂ ਨਾਲ ਤਾਂ ਬਹੁਤ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਕਿਉਂਕਿ ਜ਼ਿਲੇ 'ਚ ਬਿਨਾਂ ਰਜਿਸਟਰੇਸ਼ਨ ਵਾਲੇ ਬਹੁਤ ਗਿਣਤੀ ਵਾਲੇ ਟਰੈਵਲ ਏਜੰਟ ਹਨ ਜੋ ਸਰਕਾਰ ਵੱਲੋਂ ਜਾਰੀ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ ਤੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਦਫਤਰ ਚਲਾ ਰਹੇ ਹਨ।

ਬੇਰੋਜ਼ਗਾਰ ਨੌਜਵਾਨ ਹੁੰਦੇ ਜ਼ਿਆਦਾ ਸ਼ਿਕਾਰ
ਦਫਤਰ ਅਸਲੀ ਖੋਲ੍ਹ ਕੇ ਬੈਠੇ ਨਕਲੀ ਟਰੈਵਲ ਏਜੰਟ ਦੇ ਝਾਂਸੇ 'ਚ ਆ ਕੇ ਬੇਰੋਜ਼ਗਾਰ ਨੌਜਵਾਨ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਜਿਸ ਦੇ ਘਰ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਟਰੈਵਲ ਏਜੰਟ ਸ਼ਰੇਆਮ ਲੁੱਟ ਕਰ ਰਹੇ ਹਨ। ਉਂਝ ਤਾਂ ਪੰਜਾਬ ਦੇ ਹਰ ਕੋਨੇ 'ਚ ਸਰਕਾਰੀ ਕਮੀਆਂ ਦਾ ਸ਼ਿਕਾਰ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਪਰ ਦੋਆਬਾ ਖੇਤਰ ਦੇ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਨੂੰ ਜਾ ਚੁੱਕੇ ਹਨ ਕਿਉਂਕਿ ਪੰਜਾਬ 'ਚ ਰੋਜ਼ਗਾਰ ਹੀ ਨਹੀਂ ਮਿਲ ਰਿਹਾ। ਇਥੇ ਇਹ ਸਭ ਦੱਸਣਾ ਵੀ ਜ਼ਰੂਰੀ ਹੈ ਕਿ ਜ਼ਿਲਾ ਕਪੂਰਥਲਾ 'ਚ ਵੱਡੇ ਪੱਧਰ 'ਤੇ ਕਈ ਨਕਲੀ ਟਰੈਵਲ ਏਜੰਟਾਂ ਦੀ ਭਰਮਾਰ ਹੈ ਜੋ ਇਥੋਂ ਦੇ ਸਹੀ ਟਰੈਵਲ ਏਜੰਟਾਂ ਦੇ ਕੰਮ ਨੂੰ ਪ੍ਰਭਾਵਿਤ ਕਰ ਰਹੇ ਹਨ, ਉਥੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਲ ਠੱਗੀਆਂ ਵੀ ਮਾਰ ਰਹੇ ਹਨ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਸ਼ਿਕੰਜਾ ਕੱਸਣ 'ਚ ਨਾਕਾਮ ਸਾਬਿਤ ਹੋ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਇਸ ਤਰ੍ਹਾਂ ਦੇ ਕਥਿਤ ਟਰੈਵਲ ਏਜੰਟਾਂ ਦੇ ਖਿਲਾਫ ਮੁਹਿੰਮ ਚਲਾਵੇ ਜੋ ਘਰ 'ਚ ਹੀ ਬੈਠ ਕੇ ਕਥਿਤ ਟਰੈਵਲ ਏਜੰਟੀ ਕਰ ਰਹੇ ਹਨ।

ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਜ਼ਿਲੇ ਦੇ ਸਮੂਹ ਐੱਸ. ਡੀ. ਐੱਮਜ਼ ਨੂੰ ਆਪਣੇ-ਆਪਣੇ ਸਬ ਡਿਵੀਜ਼ਨਾਂ 'ਚ ਬਿਨਾਂ ਰਜਿਸਟਰੇਸ਼ਨ ਕਰਵਾਏ ਅਤੇ ਪ੍ਰਸ਼ਾਸਨ ਤੋਂ ਬਿਨਾਂ ਲਾਇਸੈਂਸ ਲਏ ਕੰਮ ਕਰਨ ਵਾਲੇ ਏਜੰਟਾਂ ਦੇ ਦਫਤਰਾਂ ਦੀ ਜਾਂਚ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਗਏ ਹਨ। ਜਾਂਚ 'ਚ ਜਿਸਦੇ ਕੋਲ ਲਾਇਸੈਂਸ ਨਹੀਂ ਹੋਵੇਗਾ ਉਸਦੇ ਵਿਰੁੱਧ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਇਸ ਦੇ ਇਲਾਵਾ ਬਿਨਾਂ ਰਜਿਟਰੇਸ਼ਨ ਦੇ ਚੱਲ ਰਹੇ ਦਫਤਰਾਂ ਨੂੰ ਸੀਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਿਨਾਂ ਰਜਿਸਟਰੇਸ਼ਨ ਕਰਵਾਏ ਕੋਈ ਵੀ ਟਰੈਵਲ ਏਜੰਟ ਕੰਮ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਟਰੈਵਲ ਏਜੰਟ ਹੀ ਨਹੀਂ ਟਿਕਟਿੰਗ ਸੇਲ ਏਜੰਟ, ਆਈਲੈੱਟਸ ਦੇ ਕੋਚਿੰਗ ਸੈਂਟਰਾਂ ਦੇ ਲਈ ਵੀ ਲਾਇਸੈਂਸ ਜ਼ਰੂਰੀ ਹੈ।

shivani attri

This news is Content Editor shivani attri