ਵੀਜ਼ਾ ਦਿਵਾਉਣ ਦੇ ਨਾਂ ''ਤੇ ਜਲੰਧਰ ਦੀ ਹਸੀਨਾ ਕਰੋੜਾਂ ਦੀ ਠੱਗੀ ਮਾਰ ਕੈਨੇਡਾ ਫਰਾਰ

01/11/2020 5:48:04 PM

ਲੁਧਿਆਣਾ (ਨਵੀਨ) : ਵਿਦੇਸ਼ਾਂ ਦੀ ਚਮਕ-ਦਮਕ ਦੇਖ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਜਦੋਂਕਿ ਖੂਬਸੂਰਤ ਲੜਕੀ ਟਰੈਵਲ ਏਜੰਟ ਬਣ ਕੇ ਕਰੋੜਾਂ ਰੁਪਇਆਂ ਦੀ ਠੱਗੀ ਮਾਰ ਕੇ ਕੈਨੇਡਾ ਉਡਾਰੀ ਮਾਰ ਜਾਵੇ ਤਾਂ ਸੁਣ ਕੇ ਹੋਰ ਕੋਈ ਹੈਰਾਨ ਹੋ ਜਾਂਦਾ ਹੈ। ਇਹੋ ਜਿਹੀ ਠੱਗੀ ਦਾ ਸ਼ਿਕਾਰ ਹੋਏ ਨੇ ਬਟਾਲਾ, ਮਾਨਸਾ, ਮੋਹਾਲੀ ਤੇ ਪੂਣੇ ਦੇ ਕਈ ਲੋਕ।

ਪੀੜਤ ਭਗਵਾਨ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸਟਾਟਅੱਪ ਵੀਜ਼ਾ ਰਾਹੀਂ ਕੈਨੇਡਾ ਭੇਜਣ ਸਬੰਧੀ ਸਾਡੀ ਜਲੰਧਰ ਦੀ ਇਕ ਔਰਤ ਜੋ ਦੋ ਸਾਲ ਪਹਿਲਾਂ ਜਲੰਧਰ 'ਚ ਆਪਣਾ ਸਟੱਡੀ ਸੈਂਟਰ ਚਲਾਉਂਦੀ ਸੀ ਤੇ ਉਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ਕੈਨੇਡਾ 'ਚ ਇਕ ਫਰਮ ਹੈ, ਜਿਸ ਰਾਹੀਂ ਉਹ ਸਟਾਟਅੱਪ ਵੀਜ਼ਾ ਜਾਰੀ ਕਰਵਾ ਕੇ ਸਾਨੂੰ ਕੈਨੇਡਾ ਪੱਕੇ ਤੌਰ 'ਤੇ ਭੇਜ ਸਕਦੀ ਹੈ। ਉਹ ਵੀ ਸਿਰਫ ਦੋ ਮਹੀਨਿਆਂ 'ਚ। ਭਗਵਾਨ ਸਿੰਘ ਨੇ ਆਖਿਆ ਕਿ ਉਕਤ ਔਰਤ ਦੀਆਂ ਗੱਲਾਂ ਵਿਚ ਆ ਕੇ ਅਸੀਂ ਉਸ ਨੂੰ ਐਡਵਾਂਸ 12 ਲੱਖ ਰੁਪਏ ਦੇ ਦਿੱਤੇ ਤੇ 12 ਲੱਖ ਲੈਣ ਤੋਂ ਇਕ ਹਫਤੇ ਬਾਅਦ ਸਾਨੂੰ ਪਤਾ ਲੱਗਾ ਕਿ ਉਕਤ ਔਰਤ ਕੈਨੇਡਾ ਚਲੀ ਗਈ ਹੈ ਤੇ ਕੈਨੇਡਾ ਜਾ ਕੇ ਉਕਤ ਔਰਤ ਨੇ ਸਾਨੂੰ ਵਟਸਐਪ 'ਤੇ ਕਾਲ ਕਰ ਕੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਪੇਪਰ ਤਿਆਰ ਕਰ ਰਹੀ ਹਾਂ। ਤੁਸੀਂ ਇਸ ਕੰਪਨੀ ਦੇ ਅਕਾਊਂਟ 'ਚ ਹੋਰ ਪੈਸੇ ਪਾ ਦਿਓ। ਭਗਵਾਨ ਸਿੰਘ ਅਨੁਸਾਰ ਇਸ ਤਰ੍ਹਾਂ ਉਕਤ ਠੱਗ ਔਰਤ ਨੇ ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਕਰੀਬ 70 ਲੱਖ ਰੁਪਇਆ ਲੈ ਲਿਆ, ਜਿਸ ਦੇ ਮੇਰੇ ਕੋਲ ਸਾਰੇ ਪਰੂਫ ਹਨ।

ਪੰਜਾਬ 'ਚੋਂ ਪੈਸੇ ਠੱਗ ਕੇ ਕੈਲਗਰੀ 'ਚ ਚੱਲਾ ਰਹੀ ਹੈ ਦਫਤਰ
ਭਗਵਾਨ ਸਿੰਘ ਨੇ ਦੱਸਿਆ ਕਿ ਮੈਂ ਹੀ ਨਹੀਂ, ਪੰਜਾਬ ਦੇ ਬਟਾਲਾ, ਮਾਨਸਾ, ਮੋਹਾਲੀ ਤੇ ਪੂਣੇ ਤੋਂ ਵੀ ਕਈ ਲੋਕ ਅਜਿਹੇ ਨੇ, ਜੋ ਉਕਤ ਔਰਤ ਠੱਗ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਭਗਵਾਨ ਸਿੰਘ ਮੁਤਾਬਕ ਉਕਤ ਔਰਤ ਪੰਜਾਬ ਵਿਚੋਂ ਕਰੋੜਾਂ ਰੁਪਇਆਂ ਦੀ ਇਸੇ ਤਰ੍ਹਾਂ ਠੱਗੀ ਮਾਰ ਕੇ ਹੁਣ ਪਤਾ ਲੱਗਾ ਕਿ ਕੈਲਗਰੀ 'ਚ ਆਪਣਾ ਦਫਤਰ ਚਲਾ ਰਹੀ ਹੈ ਤੇ ਹੁਣ ਜਦੋਂ ਅਸੀਂ ਕੰਮ ਨਾ ਹੋਣ ਦੀ ਸੂਰਤ 'ਚ ਉਨ੍ਹਾਂ ਕੋਲੋਂ ਪੈਸੇ ਵਾਪਸ ਮੰਗਦੇ ਹਾਂ ਤਾਂ ਪਹਿਲਾਂ-ਪਹਿਲ ਤਾਂ ਉਹ ਪੈਸੇ ਵਾਪਸ ਕਰਨ ਲਈ ਆਖਦੀ ਰਹੀ ਪਰ ਹੁਣ ਡੇਢ ਸਾਲ ਤੋਂ ਜਦੋਂ ਅਸੀਂ ਉਸ ਨੂੰ ਵਟਸਐਪ ਰਾਹੀਂ ਕੰਟੈਕਟ ਕਰਦੇ ਹਾਂ ਤਾਂ ਉਲਟਾ ਆਖ ਦਿੰਦੀ ਹੈ ਕਿ ਪੰਜਾਬ ਦੇ ਕਈ ਉੱਚ ਪੁਲਸ ਅਧਿਕਾਰੀਆਂ ਨਾਲ ਉਸ ਦੀ ਜਾਣ-ਪਛਾਣ ਹੈ। ਜੇ ਤੁਸੀਂ ਜ਼ਿਆਦਾ ਤੰਗ ਕਰੋਗੇ ਤਾਂ ਉਲਟਾ ਤੁਹਾਨੂੰ ਕਿਸੇ ਨਾ ਕਿਸੇ ਕੇਸ ਵਿਚ ਫਸਾ ਦੇਵਾਂਗੀ।

ਹਾਈ ਅਥਾਰਟੀ ਨੂੰ ਕੀਤੀ ਸ਼ਿਕਾਇਤ
ਭਗਵਾਨ ਸਿੰਘ ਨੇ ਆਖਿਆ ਕਿ ਉਕਤ ਔਰਤ ਖਿਲਾਫ ਅਸੀਂ ਡੀ. ਜੀ. ਪੀ. ਪੰਜਾਬ ਤੇ ਕੈਨੇਡਾ ਹਾਈ ਅਥਾਰਟੀ ਨੂੰ ਸ਼ਿਕਾਇਤ ਕੀਤੀ ਹੈ ਕਿ ਪੰਜਾਬ 'ਚੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਉਕਤ ਔਰਤ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਅਤੇ ਪੰਜਾਬ ਪੁਲਸ, ਉਕਤ ਔਰਤ ਖਿਲਾਫ ਪਰਚਾ ਦਰਜ ਕਰ ਕੇ ਸਾਡੇ ਪੈਸੇ ਵਾਪਸ ਕਰਵਾਏ। ਪਤਾ ਲੱਗਾ ਹੈ ਕਿ ਪੰਜਾਬ 'ਚੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਕੈਨੇਡਾ ਦੇ ਕੈਲਗਰੀ ਪੁੱਜੀ ਉਕਤ ਔਰਤ ਨੇ ਭਾਰਤੀ ਕਰੰਸੀ ਮੁਤਾਬਕ 15 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਖਰੀਦਿਆ ਹੈ।
 

Anuradha

This news is Content Editor Anuradha