ਟਰਾਂਸਪੋਰਟਰਾਂ ਨੇ ਨਵੇਂ ਕਮਰਸ਼ੀਅਲ ਵਾਹਨਾਂ ਦੀਆਂ ਆਰ. ਸੀਜ਼ ਨਾ ਮਿਲਣ ''ਤੇ ਪ੍ਰਗਟਾਈ ਨਾਰਾਜ਼ਗੀ
Saturday, Jan 13, 2018 - 10:44 AM (IST)

ਜਲੰਧਰ (ਅਮਿਤ)— ਬੀਤੇ ਦਿਨ ਖਾਲੀ ਪਏ ਆਰ. ਟੀ. ਏ. ਦਫਤਰ 'ਚ ਆਪਣੇ-ਆਪਣੇ ਕੰਮ ਦੇ ਸਬੰਧ 'ਚ ਆਏ ਟਰਾਂਸਪੋਰਟਰ ਸ਼ੁੱਕਰਵਾਰ ਸਵੇਰੇ ਭਾਜਪਾ ਨੇਤਾ ਅਮਰਜੀਤ ਸਿੰਘ ਅਮਰੀ ਨਾਲ ਦੁਬਾਰਾ ਉਥੇ ਪਹੁੰਚੇ। ਉਨਾਂ ਨੇ ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਨਾਰਾਜ਼ਗੀ ਤੋਂ ਜਾਣੂੰ ਕਰਵਾਇਆ। ਅਮਰਜੀਤ ਸਿੰਘ ਅਮਰੀ ਨੇ ਆਰ. ਟੀ. ਏ. ਨੂੰ ਦੱਸਿਆ ਕਿ ਟਰਾਂਸਪੋਰਟਰਾਂ ਨੇ ਦਸੰਬਰ 2017 'ਚ ਆਪਣੇ ਕਮਰਸ਼ੀਅਲ ਵਾਹਨਾਂ ਦੀ ਆਰ. ਸੀ. ਲਈ ਅਪਲਾਈ ਕੀਤਾ ਸੀ। ਜਿਸ ਲਈ ਬਣਦਾ ਟੈਕਸ ਅਤੇ ਫੀਸ ਵੀ ਜਮ੍ਹਾ ਕਰਵਾਈ ਜਾ ਚੁੱਕੀ ਹੈ ਪਰ ਅੱਜ ਤਕ ਕਿਸੇ ਨੂੰ ਵੀ ਉਨ੍ਹਾਂ ਦੀ ਆਰ. ਸੀ. ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਅਮਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਟਰਾਂਸਪੋਰਟਰ ਆਰ. ਟੀ. ਏ. ਦਫਤਰ ਦੇ ਚੱਕਰ ਕੱਟ ਰਹੇ ਹਨ ਪਰ ਹਰ ਵਾਰ ਆਰ. ਸੀ. ਵਾਲੇ ਕਮਰੇ 'ਚ ਤਾਲਾ ਲੱਗਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਾਲ ਦਫਤਰ ਖਾਲੀ ਰਹਿਣਗੇ ਤਾਂ ਆਮ ਜਨਤਾ ਦੇ ਕੰਮ ਕਿਵੇਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਕਲਰਕ ਜਾਣ ਬੁੱਝ ਕੇ ਆਪਣੀਆਂ ਸੀਟਾਂ 'ਤੇ ਨਹੀਂ ਬੈਠ ਰਹੇ ਹਨ। ਅਜਿਹਾ ਕਰਕੇ ਉਹ ਆਪਣੀ ਡਿਉੂਟੀ ਤੋਂ ਭੱਜ ਰਹੇ ਹਨ, ਜੋ ਕਿ ਸਰਾਸਰ ਗਲਤ ਅਤੇ ਗੈਰ-ਕਾਨੂੰਨੀ ਹੈ। ਜਨਤਾ ਦੇ ਸਾਰੇ ਕੰਮ ਰੁਕੇ ਹੋਏ ਹਨ, ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਕਰਨ ਕਿ ਸਾਰੇ ਕਰਮਚਾਰੀ ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣੀ ਡਿਉੂਟੀ ਨਿਭਾਉਣ ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਬਿਨਾ ਕਿਸੇ ਕਸੂਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਨਾਂ ਦੀ ਆਰ. ਸੀਜ਼ ਨਹੀਂ ਮਿਲਦੀ ਹੈ, ਤਾਂ ਮਜਬੂਰਨ ਉਨ੍ਹਾਂ ਨੂੰ ਸਰਕਾਰ ਖਿਲਾਫ ਧਰਨਾ ਦੇਣਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਇਸ ਮੌਕੇ ਰਾਜੂ ਗ੍ਰੋਵਰ, ਪਾਲੀ, ਜਸਬੀਰ ਸਿੰਘ, ਰਾਜਿੰਦਰ ਸਿੰਘ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਆਰ. ਟੀ. ਏ. ਦਰਬਾਰਾ ਸਿੰਘ ਨੇ ਟਰਾਂਸਪੋਰਟਰਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਹੀ ਸਾਰਿਆਂ ਨੂੰ ਆਰ. ਸੀਜ਼ ਡਲਿਵਰ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਆਰ. ਸੀਜ਼ ਦਾ ਕੰਮ ਦੇਖਣ ਵਾਲਾ ਕਲਰਕ ਹਾਲ ਹੀ ਵਿਚ ਰਿਟਾਇਰ ਹੋਇਆ ਹੈ। ਨਵਾਂ ਕਲਰਕ ਕੋਰਟ ਦੀ ਪੇਸ਼ੀ 'ਚ ਰੁੱਝਿਆ ਹੋਇਆ ਸੀ। ਜਿਸ ਕਾਰਨ ਵੀਰਵਾਰ ਨੂੰ ਦਫਤਰ ਬੰਦ ਸੀ। ਦੋ ਦਿਨ ਛੁੱਟੀ ਹੈ ਅਤੇ ਅਗਲੇ ਹਫਤੇ ਦਫਤਰ ਖੁੱਲ੍ਹਦੇ ਹੀ ਸਾਰਿਆਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ।