ਪਹਿਲੇ ਦਿਨ ਉਡੀਆਂ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਦੇ ਹੁਕਮਾਂ ਦੀਆਂ ਧੱਜੀਆਂ  (ਤਸਵੀਰਾਂ)

Wednesday, Jul 12, 2017 - 05:11 PM (IST)

ਜਲੰਧਰ(ਪੁਨੀਤ)— ਪ੍ਰਿੰਸੀਪਲ ਸੈਕਟਰੀ ਸਟੇਟ ਟਰਾਂਸਪੋਰਟ ਸਰਬਜੀਤ ਸਿੰਘ ਓਬਰਾਏ ਦੇ ਹੁਕਮਾਂ ਦੀਆਂ ਪਹਿਲੇ ਦਿਨ ਹੀ ਮਹਾਨਗਰ ਵਿਚ ਧੱਜੀਆਂ ਉਡਦੀਆਂ ਰਹੀਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਆਈ. ਏ. ਐੱਸ. ਰੈਂਕ ਦੇ ਅਧਿਕਾਰੀ ਵੱਲੋਂ ਦਿੱਤੇ ਗਏ ਹੁਕਮਾਂ ਪ੍ਰਤੀ ਸੰਬੰਧਤ ਅਧਿਕਾਰੀ ਗੰਭੀਰ ਨਹੀਂ ਹਨ। ਸੋਮਵਾਰ ਨੂੰ ਪ੍ਰਿੰਸੀਪਲ ਸੈਕਟਰੀ ਸਰਬਜੀਤ ਸਿੰਘ ਨੇ ਮਹਾਨਗਰ ਵਿਚ ਡਾਇਰੈਕਟਰ ਟਰਾਂਸਪੋਰਟ ਭੁਪਿੰਦਰ ਸਿੰਘ ਰਾਏ ਨਾਲ ਦੌਰਾ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਬੱਸ ਅੱਡੇ ਦੇ ਬਾਹਰੋਂ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ਅਤੇ ਜਿਨ੍ਹਾਂ ਬੱਸਾਂ ਕੋਲ ਪਰਮਿਟ ਹੀ ਨਹੀਂ ਹਨ, ਉਨ੍ਹਾਂ ਨੂੰ ਬਾਊਂਡ ਕੀਤਾ ਜਾਵੇ।
ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੇ ਗਏ ਹੁਕਮਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ 'ਜਗ ਬਾਣੀ' ਦੀ ਟੀਮ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਇਹੀ ਦੇਖਣ ਨੂੰ ਮਿਲਿਆ ਕਿ ਪ੍ਰਾਈਵੇਟ ਟਰਾਂਸਪੋਰਟਰ ਅਤੇ ਸਰਕਾਰੀ ਬੱਸਾਂ ਪੁਲਸ ਦੀ ਮੌਜੂਦਗੀ ਵਿਚ ਸੜਕਾਂ ਤੋਂ ਸਵਾਰੀਆਂ ਚੁੱਕ ਰਹੀਆਂ ਹਨ ਅਤੇ ਪੁਲਸ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ, ਜਦੋਂਕਿ ਬੱਸਾਂ ਸਿਰਫ ਅੱਡੇ ਤੋਂ ਹੀ ਸਵਾਰੀਆਂ ਚੁੱਕ ਸਕਦੀਆਂ ਹਨ।

PunjabKesari
ਸੋਮਵਾਰ ਨੂੰ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਪੁਲਸ ਦੀ ਮੌਜੂਦਗੀ ਵਿਚ ਬੱਸਾਂ ਅਜਿਹਾ ਕਰਦੀਆਂ ਪਾਈਆਂ ਗਈਆਂ ਤਾਂ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਆਈ. ਏ. ਐੱਸ. ਅਧਿਕਾਰੀਆਂ ਦੇ ਹੁਕਮਾਂ ਨੂੰ ਟ੍ਰੈਫਿਕ ਪੁਲਸ ਨੇ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ।
ਮੰਗਲਵਾਰ ਨੂੰ ਦੇਖਣ ਵਿਚ ਆਇਆ ਕਿ ਪੀ. ਏ. ਪੀ. ਚੌਕ ਵਿਚ ਖੜ੍ਹੇ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਬੱਸਾਂ ਸਵਾਰੀਆਂ ਚੁੱਕ ਰਹੀਆਂ ਸਨ। ਰਾਮਾ ਮੰਡੀ ਚੌਕ 'ਤੇ ਵੀ ਪੁਲਸ ਦੀ ਮੌਜੂਦਗੀ ਦਾ ਬੱਸ ਚਾਲਕਾਂ ਨੂੰ ਕੋਈ ਡਰ ਨਹੀਂ ਸੀ। ਬੱਸ ਸਟੈਂਡ ਦੇ ਸਾਹਮਣੇ ਪੁਲ ਹੇਠਾਂ ਵੀ ਸਵਾਰੀਆਂ ਚੁੱਕਦੇ ਵੇਖਿਆ ਗਿਆ। ਟ੍ਰੈਫਿਕ ਪੁਲਸ ਦੀ ਮੌਜੂਦਗੀ ਵਿਚ ਜੇਕਰ ਇਸ ਤਰ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਣਗੀਆਂ ਤਾਂ ਸਿਸਟਮ ਵਿਚ ਸੁਧਾਰ ਕਿਵੇਂ ਹੋਵੇਗਾ। ਬੱਸ ਚਾਲਕਾਂ ਵਲੋਂ ਮਨਮਰਜ਼ੀ ਨਾਲ ਬੱਸਾਂ ਰੋਕਣ ਕਾਰਨ ਕਈ ਵਾਰ ਹਾਦਸੇ ਵੀ ਹੋ ਜਾਂਦੇ ਹਨ ਪਰ ਇਸ ਦੇ ਬਾਵਜੂਦ ਸਵਾਰੀਆਂ ਚੁੱਕਣ ਨੂੰ ਲੈ ਕੇ ਹਮੇਸ਼ਾ ਨਿਯਮ ਟੁੱਟ ਰਹੇ ਹਨ। ਲੋੜ ਹੈ ਕਿ ਪੰਜਾਬ ਪੁਲਸ ਦੇ ਮੁਲਾਜ਼ਮ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਪ੍ਰਤੀ ਗੰਭੀਰਤਾ ਦਿਖਾਉਣ ਤਾਂ ਜੋ ਨਿਯਮ ਨਾ ਟੁੱਟਣ।


Related News