ਮੰਤਰੀ ਲਾਲਜੀਤ ਭੁੱਲਰ ਦਾ ਅਹਿਮ ਬਿਆਨ, ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਤੇ ਅਸੀਂ ਸਭ ਸੁਰੱਖਿਅਤ ਹਾਂ

04/27/2023 12:33:47 PM

ਜਲੰਧਰ (ਰਮਨਦੀਪ ਸਿੰਘ ਸੋਢੀ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪੂਰੀ ਵਾਹ ਲਾ ਰਹੀਆਂ ਹਨ। ਸੱਤਾਧਾਰੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਵਾਲੀ ਸਥਿਤੀ ਹੈ ਕਿਉਂਕਿ ਪਿਛਲੇ ਸਾਲ ਜਦੋਂ ਸੰਗਰੂਰ ਵਿੱਚ ਜ਼ਿਮਨੀ ਚੋਣ ਹੋਈ ਸੀ ਤਾਂ ਆਮ ਆਦਮੀ ਪਾਰਟੀ ਹਾਰ ਗਈ ਸੀ। ਇਸ ਲਈ ਆਮ ਆਦਮੀ ਪਾਰਟੀ ਲਈ ਇਹ ਜ਼ਿਮਨੀ ਚੋਣ ਜਿੱਤਣਾ ਵੱਡੀ ਚੁਣੌਤੀ ਹੈ। ਨਾਲ ਹੀ ਪਾਰਟੀ ਦੀ ਸਾਖ ਦਾ ਵੀ ਵੱਡਾ ਸਵਾਲ ਹੈ। ਸਾਰੇ ਮੰਤਰੀ ਅਤੇ ਸਾਰੇ ਵਿਧਾਇਕ ਇਸ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।

ਪਾਰਟੀ ਦੀ ਜ਼ਮੀਨੀ ਪੱਧਰ ’ਤੇ ਸਥਿਤੀ ਜਾਣਨ ਲਈ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ‘ਜਗ ਬਾਣੀ’ ਨੇ ਵਿਸ਼ੇਸ਼ ਗੱਲਬਾਤ ਕੀਤੀ। ਭੁੱਲਰ ਨੇ ਦੱਸਿਆ ਕਿ ਜਦੋਂ ਸ. ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਹੀ ਸੰਗਰੂਰ ਉਪ ਚੋਣ ਆ ਗਈ। ਕਿਉਂਕਿ ਉਦੋਂ ਸਰਕਾਰ ਬਣੀ ਨੂੰ ਥੋੜਾ ਸਮਾਂ ਹੀ ਹੋਇਆ ਸੀ, ਇਸ ਲਈ ਥੋੜ੍ਹੇ ਸਮੇਂ ਵਿੱਚ ਸਾਰੇ ਵਾਅਦੇ ਪੂਰੇ ਨਹੀਂ ਹੋ ਸਕੇ। ਲੋਕ ਚਾਹੁੰਦੇ ਹਨ ਕਿ ਵਾਅਦੇ ਰਾਤੋ-ਰਾਤ ਪੂਰੇ ਹੋ ਜਾਣ। ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਪੈਸੇ ਅਤੇ ਸਮੇਂ ਦੀ ਲੋੜ ਹੁੰਦੀ ਹੈ। ਸੰਗਰੂਰ ਉਪ ਚੋਣ ਹਾਰਨ ਦਾ ਮੁੱਖ ਕਾਰਨ ਲੋਕਾਂ ਦੀਆਂ ਵੱਡੀਆਂ ਉਮੀਦਾਂ ਅਤੇ ਸਰਕਾਰ ਬਣੀ ਨੂੰ ਥੋੜ੍ਹੇ ਸਮੇਂ ਦਾ ਹੋਣਾ ਸੀ।
ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਕੰਮ ਕੀਤੇ। 28 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆ ਤੇ 600 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ, ਜਿਸ ਕਾਰਨ 90 ਫੀਸਦੀ ਲੋਕਾਂ ਦੇ ਬਿੱਲ ਜ਼ੀਰੋ ’ਤੇ ਆ ਗਏ। ਅਮਨ-ਕਾਨੂੰਨ ਬਾਰੇ ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਗਲਤ ਪ੍ਰਚਾਰ ਕਰ ਲੈਣ, ਪੰਜਾਬ ਵਿੱਚ ਹਾਲਾਤ ਆਮ ਵਾਂਗ ਹਨ।

ਇਹ ਵੀ ਪੜ੍ਹੋ :  ਅਮਰੀਕੀ ਸਿਟੀਜ਼ਨ ਨੌਜਵਾਨ ਨੇ ਜਲੰਧਰ ਹਾਈਟਸ 'ਚ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਵੱਡੇ ਕਿਸਾਨ ਸ਼ੁਭਚਿੰਤਕ ਹਨ
ਬੇਮੌਸਮੀ ਬਰਸਾਤ ਕਾਰਨ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਰਕਮ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਜਾ ਚੁੱਕੀ ਹੈ, ਬੇਸ਼ੱਕ ਹੀ ਅਜੇ ਵੀ ਕਣਕ ਦੀ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ ਜਾਂ ਵਾਢੀ ਹੋ ਰਹੀ ਹੈ। ਮੂੰਗੀ ਦੀ ਫ਼ਸਲ ’ਤੇ 7200 ਤੋਂ 7500 ਐੱਮ. ਐੱਸ. ਪੀ. ਦਿੱਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੇ ਕਿੰਨੇ ਹਿਤੈਸ਼ੀ ਹਨ। ਇਸ ਤੋਂ ਇਲਾਵਾ ਪੰਜ ਸੌ ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਦਵਾਈਆਂ ਅਤੇ ਸਭ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।

ਅਕਾਲੀਆਂ ਨੇ ਕਿਹੜਾ ਜੇਬ ’ਚੋਂ ਪੈਸੇ ਖ਼ਰਚ ਕਰਕੇ ਸੇਵਾ ਕੇਂਦਰ ਬਣਾਏ ਸਨ?
ਅਕਾਲੀ ਦਲ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰਾਂ ਨੂੰ ਹੀ ਰੰਗ ਰੋਗਨ ਕਰਕੇ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ ਹਨ, ਜਿਸ ਨੇ ਆਮ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਈ ਹੈ। ਇਸ ’ਤੇ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸੇਵਾ ਕੇਂਦਰਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਹਾਲਤ ਇਹ ਹੈ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਸੀ। ਲੋਕਾਂ ਨੇ ਉੱਥੇ ਆਪਣੇ ਪਸ਼ੂ ਬੰਨ੍ਹਣੇ ਸ਼ੁਰੂ ਕਰ ਦਿੱਤੇ ਸਨ । ਉਨ੍ਹਾਂ ’ਚ ਲੱਗੇ ਕੰਪਿਊਟਰ ਲੋਕ ਚੋਰੀ ਕਰਕੇ ਲੈ ਗਏ।
ਇਨ੍ਹਾਂ ਸੇਵਾ ਕੇਂਦਰਾਂ ’ਤੇ ਸਰਕਾਰ ਦਾ ਪੈਸਾ ਲੱਗਾ ਸੀ। ਇਹ ਇਮਾਰਤਾਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਬਣੀਆਂ ਸਨ। ਅਕਾਲੀਆਂ ਨੇ ਕਿਹੜਾ ਜੇਬ ’ਚੋਂ ਪੈਸੇ ਖਰਚ ਕਰ ਕੇ ਸੇਵਾ ਕੇਂਦਰ ਬਣਾਏ ਸਨ? ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਵਾਈ ਅਤੇ ਆਮ ਆਦਮੀ ਕਲੀਨਿਕ ਖੋਲ੍ਹੇ। ਖੰਡਰ ਹੋ ਚੁੱਕੀਆਂ ਇਮਾਰਤਾਂ ਹੁਣ ਮੁਰੰਮਤ ਤੋਂ ਬਾਅਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਤਾਂ ਇਸ ਵਿੱਚ ਗਲਤ ਕੀ ਹੈ?

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੰਤੇਵਾੜਾ ਵਿਖੇ ਹੋਏ ਨਕਸਲੀ ਹਮਲੇ ਦੀ ਸਖ਼ਤ ਨਿਖੇਧੀ

ਗੈਂਗਸਟਰ ਰਵਾਇਤੀ ਪਾਰਟੀਆਂ ਦੀ ਦੇਣ
ਸਭ ਤੋਂ ਵੱਧ ਕਿਸੇ ਮੁੱਦੇ ’ਤੇ ਜੇ ਸਰਕਾਰ ਇਸ ਸਮੇਂ ਘਿਰੀ ਹੋਈ ਹੈ ਤਾਂ ਉਹ ਹੈ ਅਮਨ ਕਾਨੂੰਨ ਦੀ ਸਥਿਤੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੱਤਾ ਅਨਾੜੀ ਲੋਕਾਂ ਦੇ ਹੱਥਾਂ ਵਿੱਚ ਆ ਗਈ ਹੈ। ਉਨ੍ਹਾਂ ਤੋ ਪੰਜਾਬ ਦੇ ਹਾਲਾਤ ਸੰਭਾਲੇ ਨਹੀਂ ਜਾ ਰਹੇ। ਇਸ ’ਤੇ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਤਾਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ’ਚ ਵੀ ਹਾਲਾਤ ਠੀਕ ਨਹੀਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ 12-13 ਮਹੀਨਿਆਂ ਦੇ ਕਾਰਜਕਾਲ ਦੌਰਾਨ ਗੈਂਗਸਟਰ ਪੈਦਾ ਨਹੀਂ ਹੋਏ। ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਪੈਦਾਇਸ਼ ਹਨ। ਪੁਰਾਣੀਆਂ ਰਵਾਇਤੀ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਗਲਤ ਰਸਤੇ ’ਤੇ ਲਿਆਂਦਾ ਗਿਆ। ਨੌਜਵਾਨਾਂ ’ਤੇ ਪਰਚੇ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਗੈਂਗਸਟਰ ਦੱਸਿਆ ਗਿਆ। ਜਦੋਂ ਇਨ੍ਹਾਂ ਆਗੂਆਂ ਨੂੰ ਧਮਕੀਆਂ ਮਿਲੀਆਂ ਤਾਂ ਇਨ੍ਹਾਂ ਆਗੂਆਂ ਨੇ ਇਨ੍ਹਾਂ ਗੈਂਗਸਟਰਾਂ ਨੂੰ ਹੀ ਗੋਲੀਆਂ ਨਾਲ ਮਰਵਾ ਦਿੱਤਾ। ਕੋਈ ਵੀ ਆਪਣੀ ਮਾਂ ਦੀ ਕੁੱਖੋਂ ਗੈਂਗਸਟਰ ਬਣ ਕੇ ਨਹੀਂ ਪੈਦਾ ਹੁੰਦਾ । ਕੋਈ ਵੀ ਨੌਜਵਾਨ ਗੈਂਗਸਟਰ ਨਹੀਂ ਬਣਨਾ ਚਾਹੁੰਦਾ। ਹਾਲਾਤ ਅਤੇ ਸਰਕਾਰ ਨੇ ਨਾਜਾਇਜ਼ ਪਰਚੇ ਕਟਵਾ ਕੇ ਉਨ੍ਹਾਂ ਨੂੰ ਗੈਂਗਸਟਰ ਬਣਨ ਲਈ ਮਜਬੂਰ ਕੀਤਾ।

ਜੇ ਅਮਨ-ਕਾਨੂੰਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਅਜਨਾਲਾ ਵਿੱਚ ਜੋ ਘਟਨਾ ਵਾਪਰੀ ਸੀ, ਜੇ ਇੱਥੇ ਰਵਾਇਤੀ ਪਾਰਟੀਆਂ ਦੀ ਸਰਕਾਰ ਹੁੰਦੀ ਤਾਂ ਬਹਿਬਲ ਕਲਾਂ ਵਰਗੀ ਘਟਨਾ ਉੱਥੇ ਵੀ ਵਾਪਰ ਸਕਦੀ ਸੀ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨੇਕ ਸੋਚ ਦਾ ਹੀ ਨਤੀਜਾ ਹੈ ਕਿ ਇਹ ਮਸਲਾ ਖ਼ੂਨ ਦੀ ਇਕ ਬੂੰਦ ਵਹਾਏ ਬਿਨਾਂ ਹੱਲ ਹੋ ਗਿਆ। ਲੋਕ ਸਭ ਕੁਝ ਵੇਖ ਅਤੇ ਸਮਝ ਰਹੇ ਹਨ। ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਗਈਆਂ। ਮੋਰਿੰਡਾ ਵਿੱਚ ਵਾਪਰੀ ਘਟਨਾ ਨਿੰਦਣਯੋਗ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਹੁਣ ਆਪਣੀ ਵੱਖ ਕੇਡਰ ਫੋਰਸ ਬਣਾਏਗੀ, ਬਿਊਰੋ ਮੁਖੀ CM ਮਾਨ ਨੂੰ ਭੇਜਣਗੇ ਪ੍ਰਸਤਾਵ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

shivani attri

This news is Content Editor shivani attri