ਪੀ. ਆਰ. ਟੀ. ਸੀ. ਵਲੋਂ ਨਵੀਆਂ ਬੱਸਾਂ ਖਰੀਦਣ 'ਚ ਰੋੜਾ ਬਣੀ ਟਰਾਂਸਪੋਰਟ ਮੰਤਰੀ

11/27/2018 12:53:16 PM

ਪਟਿਆਲਾ (ਰਾਜੇਸ਼)—ਪੰਜਾਬ ਸਰਕਾਰ ਦੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਵੱਲੋਂ 100 ਨਵੀਆਂ ਬੱਸਾਂ ਖਰੀਦਣ ਵਿਚ ਟਰਾਂਸਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ 'ਰੋੜਾ' ਬਣੀ ਹੋਈ ਹੈ। ਇਸ ਕਰ ਕੇ ਪਿਛਲੇ 7 ਮਹੀਨਿਆਂ ਤੋਂ ਫਾਈਲ ਮੰਤਰੀ ਪੱਧਰ 'ਤੇ ਅਟਕੀ ਹੋਈ ਹੈ। ਇਸ ਕਾਰਨ ਪੀ. ਆਰ. ਟੀ. ਸੀ. ਨੂੰ ਮਾਲੀ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ। ਟਰਾਂਸਪੋਰਟ ਮੰਤਰੀ ਵੱਲੋਂ ਲਗਾਤਾਰ ਇਕ ਤੋਂ ਇਕ ਬੇਵਜ੍ਹਾ ਇਤਰਾਜ਼ ਲਾ ਕੇ ਫਾਈਲ ਰੋਕੀ ਜਾ ਰਹੀ ਹੈ। ਇਸ ਕਾਰਨ ਮੰਤਰੀ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਗੰਭੀਰ ਸਵਾਲ ਉਠੇ ਹਨ। 

ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. 25 ਕਰੋੜ ਦੀ ਲਾਗਤ ਨਾਲ 100 ਨਵੀਆਂ ਬੱਸਾਂ ਖਰੀਦਣੀਆਂ ਚਾਹੁੰਦੀ ਹੈ ਤਾਂ ਜੋ  ਲੋਕਾਂ ਨੂੰ ਬਿਹਤਰੀਨ ਟਰਾਂਸਪੋਰਟ ਸੁਵਿਧਾ ਦੇਣ ਦੇ ਨਾਲ-ਨਾਲ ਆਪਣੇ ਖਰਚੇ ਘਟਾ ਸਕੇ। ਇਸ ਖਰੀਦ ਮਾਮਲੇ ਨਾਲ ਜੁੜੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਆਵਾਜਾਈ ਮੰਤਰੀ ਅਰੁਣਾ ਚੌਧਰੀ ਕਥਿਤ ਤੌਰ 'ਤੇ ਇਕ ਪ੍ਰਮੁੱਖ ਬੱਸ ਸਪਲਾਇਰ ਕੰਪਨੀ ਨੂੰ ਬੋਲੀ ਲਾਉਣ ਦੇ ਯੋਗ ਬਣਾਉਣ ਲਈ ਟੈਂਡਰ ਦੀਆਂ ਕੁਝ ਸ਼ਰਤਾਂ ਵਿਚ ਰਾਹਤ ਦੇਣਾ ਚਾਹੁੰਦੇ ਹਨ। ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਸਬੰਧੀ ਪੀ. ਆਰ. ਟੀ. ਸੀ.  ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਬੱਸਾਂ ਦੀ ਖਰੀਦ ਵਿਚ ਦੇਰੀ ਨਾਲ ਨਿਗਮ ਦੀ ਆਮਦਨ ਘਟ ਰਹੀ ਹੈ। 'ਮੈਂ ਪੂਰੇ ਵੇਰਵੇ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਮੁੱਖ ਮੰਤਰੀ ਕੋਲੋਂ ਸਮਾਂ ਮੰਗਿਆ  ਹੈ। ਉਨ੍ਹਾਂ ਕੋਲ ਇਸ ਮੁੱਦੇ ਨੂੰ ਉਠਾਵਾਂਗਾ।' ਉਨ੍ਹਾਂ ਨਾਲ ਹੀ ਕਿਹਾ ਕਿ 'ਮੰਤਰੀ (ਅਰੁਣਾ ਚੌਧਰੀ) ਟੈਂਡਰ ਦੀਆਂ ਵਿਸ਼ੇਸ਼ਤਾਵਾਂ ਵਿਚ ਬਦਲਾਅ ਕਰਨਾ ਚਾਹੁੰਦੇ ਹਨ, ਜਿਸ ਮੰਗ ਨੂੰ ਅਸੀਂ ਨਹੀਂ ਮੰਨਿਆ।'

ਸ਼ਰਤਾਂ ਪੂਰੀਆਂ ਕਰਨ 'ਤੇ ਸਬੰਧਤ ਫਾਈਲ ਕਲੀਅਰ ਕਰ ਦਿੱਤੀ ਜਾਵੇਗੀ : ਅਰੁਣਾ ਚੌਧਰੀ
ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਟੈਂਡਰ ਵਿਚ ਬਦਲਾਅ ਕਰਨ ਲਈ ਕਿਹਾ ਹੈ। ਪੀ. ਆਰ. ਟੀ. ਸੀ. ਨੇ ਮੰਤਰਾਲੇ ਦੀ ਮਨਜ਼ੂਰੀ ਦੇ ਬਗੈਰ ਟੈਂਡਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਫਾਈਲ ਦੀ ਮੌਜੂਦਾ ਸਥਿਤੀ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ। ਮੈਨੂੰ ਹੁਣੇ ਹੀ ਪੀ. ਆਰ. ਟੀ. ਸੀ. ਦੀ ਮਾਲੀ ਹਾਲਤ ਬਾਰੇ ਪੁੱਛਿਆ ਗਿਆ ਸੀ। 100 ਨਵੀਆਂ ਬੱਸਾਂ ਖਰੀਦਣਾ ਵਿੱਤੀ ਤੌਰ 'ਤੇ ਸਹੀ ਹੈ ਜਾਂ ਗਲਤ? ਇਸ ਦੀ ਜਾਂਚ ਕਰਨਾ ਮੇਰੀ ਡਿਊਟੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀ. ਆਰ. ਟੀ. ਸੀ. ਸ਼ਰਤਾਂ ਪੂਰੀਆਂ ਕਰ ਦਿੰਦੀ ਹੈ ਤਾਂ ਸਬੰਧਤ ਫਾਈਲ ਨੂੰ ਕਲੀਅਰ ਕਰ ਦਿੱਤਾ ਜਾਵੇਗਾ।

Shyna

This news is Content Editor Shyna