ਬਿਜਲੀ ਡਿੱਗਣ ਨਾਲ ਟ੍ਰਾਂਸਫਾਰਮਰ ਸੜਿਆ

09/24/2017 1:44:06 AM

ਰੂਪਨਗਰ,   (ਕੈਲਾਸ਼)-  ਬੀਤੀ ਰਾਤ ਤੋਂ ਪੈ ਰਹੇ ਮੀਂਹ ਦੌਰਾਨ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਸਾਹਮਣੇ ਲੱਗੇ ਟ੍ਰਾਂਸਫਾਰਮਰ 'ਤੇ ਆਸਮਾਨੀ ਬਿਜਲੀ ਡਿੱਗਣ ਨਾਲ ਟ੍ਰਾਂਸਫਾਰਮਰ ਸੜ ਗਿਆ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ।
ਜਾਣਕਾਰੀ ਅਨੁਸਾਰ ਜਦੋਂ ਰਾਤ ਨੂੰ ਤੇਜ਼ ਮੀਂਹ ਪੈ ਰਿਹਾ ਸੀ ਤਾਂ ਡੇਢ ਵਜੇ ਜ਼ੋਰਦਾਰ ਧਮਾਕੇ ਨਾਲ ਆਸਮਾਨੀ ਬਿਜਲੀ ਉਕਤ ਟ੍ਰਾਂਸਫਾਰਮਰ 'ਤੇ ਡਿੱਗੀ। ਇਸ ਦੇ ਨਾਲ ਹੀ ਰੈਲੋਂ ਰੋਡ, ਡੀ. ਏ. ਵੀ. ਸਕੂਲ, ਸ਼ਨੀਦੇਵ ਮੰਦਿਰ ਆਦਿ ਖੇਤਰ ਹਨੇਰੇ 'ਚ ਡੁੱਬ ਗਏ। ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਸਵੇਰੇ 9 ਵਜੇ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪੁੱਜ ਕੇ ਨਵਾਂ ਟ੍ਰਾਂਸਫਾਰਮਰ ਲਾ ਕੇ ਬਿਜਲੀ ਸਪਲਾਈ ਚਾਲੂ ਕੀਤੀ।
ਕੀ ਕਹਿੰਦੇ ਨੇ ਵਿਭਾਗ ਦੇ ਜੇ. ਈ.
ਵਿਭਾਗ ਦੇ ਜੇ. ਈ. ਅਮਰ ਸਿੰਘ ਨੇ ਦੱਸਿਆ ਕਿ ਆਸਮਾਨੀ ਬਿਜਲੀ ਡਿੱਗਣ ਕਾਰਨ ਟ੍ਰਾਂਸਫਾਰਮਰ ਨੂੰ ਬਹੁਤ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਨਵਾਂ ਟ੍ਰਾਂਸਫਾਰਮਰ ਮੰਗਵਾ ਕੇ ਲਾਉਣਾ ਪਿਆ। ਅੱਜ ਖਰਾਬ ਮੌਸਮ ਕਾਰਨ ਵਿਭਾਗ ਕੋਲ ਲੋਕਾਂ ਦੀਆਂ ਬਿਜਲੀ ਗੁੱਲ ਹੋਣ ਦੀਆਂ ਕਈ ਸ਼ਿਕਾਇਤਾਂ ਦਰਜ ਹੋਈਆਂ ਪਰ ਸਟਾਫ ਦੀ ਕਮੀ ਕਰਕੇ ਜਿਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਵਿਭਾਗ ਦੇ ਕਰਮਚਾਰੀਆਂ ਦੀ ਵੀ ਸਾਰਾ ਦਿਨ ਦੌੜ-ਭੱਜ ਰਹੀ।