ਹੋਲੀ ਮਾਰਚ ''ਚ ਪਰ ਯੂ. ਪੀ. ਤੇ ਬਿਹਾਰ ਜਾਣ ਵਾਲੀਆਂ ਟਰੇਨਾਂ ਹੁਣ ਤੋਂ ਹੀ ਫੁੱਲ

01/15/2018 11:04:57 AM

ਜਲੰਧਰ (ਗੁਲਸ਼ਨ)— ਹੋਲੀ ਦੇ ਤਿਉਹਾਰ ਨੂੰ ਹਾਲੇ ਕਰੀਬ ਡੇਢ ਮਹੀਨਾ ਬਾਕੀ ਹੈ ਪਰ ਆਪਣੇ ਪਿੰਡ ਜਾ ਕੇ ਪਰਿਵਾਰ ਵਾਲਿਆਂ ਨਾਲ ਤਿਉਹਾਰ ਮਨਾਉਣ ਵਾਲੇ ਪ੍ਰਵਾਸੀ ਲੋਕਾਂ ਨੇ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ 1 ਅਤੇ 2 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਟਰੇਨਾਂ ਹੁਣੇ ਤੋਂ ਫੁੱਲ ਹੋ ਗਈਆਂ ਹਨ। ਯੂ. ਪੀ. ਬਿਹਾਰ ਨੂੰ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਵਿਚ ਹੋਲੀ ਤੱਕ ਕਨਫਰਮ ਸੀਟਾਂ ਨਹੀਂ ਹਨ। ਟਰੇਨਾਂ 'ਚ ਕਨਫਰਮ ਸੀਟ ਨਾ ਹੋਣ ਕਾਰਨ ਤਿਉਹਾਰ ਦੇ ਦਿਨਾਂ 'ਚ ਆਪਣੇ ਪਿੰਡ ਜਾਣ ਵਾਲੇ ਰੇਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਜਿਹੇ ਹਾਲਾਤ ਵਿਚ ਯਾਤਰੀਆਂ ਕੋਲ ਤਤਕਾਲ ਬੁਕਿੰਗ ਹੀ ਇਕਮਾਤਰ ਸਹਾਰਾ ਰਹਿ ਜਾਂਦਾ ਹੈ। ਹੋਲੀ ਦੇ ਸੀਜ਼ਨ ਵਿਚ ਤਤਕਾਲ ਬੁਕਿੰਗ ਕਰਵਾਉਣਾ ਵੀ ਆਸਾਨ ਕੰਮ ਨਹੀਂ ਹੈ। ਤਤਕਾਲ ਬੁਕਿੰਗ ਲਈ ਲੰਬੀਆਂ  ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਜਿਸ ਦੇ ਬਾਵਜੂਦ ਤਤਕਾਲ ਬੁਕਿੰਗ ਦੇ ਸਮੇਂ ਪਹਿਲਾਂ 1-2 ਫਾਰਮ ਨਿਕਲਣ ਦੇ ਬਾਅਦ ਵੀ ਵੇਟਿੰਗ ਸ਼ੁਰੂ ਹੋ ਜਾਂਦੀ ਹੈ। ਵੇਟਿੰਗ ਟਿਕਟ ਹੋਣ ਦੇ ਕਾਰਨ ਲਾਈਨ ਵਿਚ ਖੜ੍ਹੇ ਹੋ ਕੇ ਯਾਤਰੀਆਂ ਨੂੰ ਮਾਯੂਸ ਹੋ ਕੇ ਵਾਪਸ ਮੁੜਨਾ ਪੈਂਦਾ ਹੈ।
ਇਨ੍ਹਾਂ ਟਰੇਨਾਂ 'ਚ ਚੱਲ ਰਹੀ ਵੇਟਿੰਗ

ਟਰੇਨ ਗਿਣਤੀ   ਟਰੇਨ ਦਾ ਨਾਂ
15708 ਕਟਿਹਾਰ ਐਕਸਪ੍ਰੈੱਸ
12204 ਗਰੀਬ ਰੱਥ ਐਕਸਪ੍ਰੈੱਸ
12238 ਬੇਗਮਪੁਰਾ ਐਕਸਪ੍ਰੈੱਸ
15934  ਅੰਮ੍ਰਿਤਸਰ ਡਿਬਰੂਗੜ੍ਹ ਐਕਸਪ੍ਰੈੱਸ
18104 ਜੱਲਿਆਂਵਾਲਾ ਬਾਗ ਐਕਸਪ੍ਰੈੱਸ
14650 ਸ਼ਹੀਦ ਐਕਸਪ੍ਰੈੱਸ
15098 ਅਮਰਨਾਥ ਐਕਸਪ੍ਰੈੱਸ
18310  ਟਾਟਾ ਮੂਰੀ ਐਕਸਪ੍ਰੈੱਸ

ਫਿਰੋਜ਼ਪੁਰ ਮੰਡਲ ਨੇ ਸਪੈਸ਼ਲ ਟਰੇਨ ਚਲਾਉਣ ਦਾ ਨਹੀਂ ਕੀਤਾ ਐਲਾਨ
ਹੋਲੀ ਦੇ ਮੱਦੇਨਜ਼ਰ ਟਰੇਨਾਂ ਵਿਚ ਵਧਣ ਵਾਲੀ ਭੀੜ ਨੂੰ ਲੈ ਕੇ ਰੇਲਵੇ ਵਿਭਾਗ ਨੇ ਫਿਲਹਾਲ ਫਿਰੋਜ਼ਪੁਰ ਮੰਡਲ ਤੋਂ ਕੋਈ ਵੀ ਵੀ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਹੈ। ਅੰਮ੍ਰਿਤਸਰ ਤੋਂ ਵੀ ਕੋਈ ਸਪੈਸ਼ਲ ਟਰੇਨ ਚਲਾਉਣ ਦੀ ਸੂਚਨਾ ਅਜੇ ਤੱਕ ਨਹੀਂ ਹੈ। ਯੂ. ਪੀ. ਜਾਣ ਵਾਲੇ ਸੰਜੇ, ਮੁੰਨਾ ਲਾਲ, ਸੀਤਾ ਰਾਮ ਅਤੇ ਹੋਰ ਰੇਲ ਯਾਤਰੀਆਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੂੰ ਫਿਰੋਜ਼ਪੁਰ ਮੰਡਲ ਤੋਂ ਵੀ ਸਪੈਸ਼ਲ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਤਿਉਹਾਰ ਮਨਾਉਣ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ।