ਝਾਰਖੰਡ ਦੇ 330 ਨਾਗਰਿਕਾਂ ਨੂੰ ਜ਼ਿਲਾ ਪ੍ਰਸ਼ਾਸਨ ਨੇ 12 ਬੱਸਾਂ ਰਾਹੀਂ ਭੇਜਿਆ, ਬਠਿੰਡਾ ਤੋਂ ਹੋਣਗੇ ਰਵਾਨਾ

05/10/2020 4:24:01 PM

ਸੰਗਰੂਰ (ਬੇਦੀ): ਕੋਵਿਡ-19 ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਕਾਰਨ ਕਈ ਸੂਬਿਆਂ ਦੇ ਵਿਅਕਤੀ ਪੰਜਾਬ 'ਚ ਫਸੇ ਹੋਏ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਇਨ੍ਹਾਂ ਨੂੰ ਆਪਣੇ-ਆਪਣੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਹੀ ਲੜੀ ਤਹਿਤ ਝਾਰਖੰਡ ਨਾਲ ਸਬੰਧਤ ਸੰਗਰੂਰ ਜ਼ਿਲੇ 'ਚ ਰਹਿ ਰਹੇ 330 ਵਿਅਕਤੀਆਂ ਨੂੰ ਅੱਜ 12 ਬੱਸਾਂ ਰਾਹੀਂ ਰਵਾਨਾ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਖੇਤਰਾਂ 'ਚ ਕਰਫ਼ਿਊ ਕਾਰਨ ਫ਼ਸੇ ਝਾਰਖੰਡ ਦੇ 330 ਨਾਗਰਿਕਾਂ ਨੂੰ ਅੱਜ ਬੱਸਾਂ ਰਾਹੀ ਬਠਿੰਡਾ ਵਿਖੇ ਭੇਜਿਆ ਗਿਆ ਹੈ, ਜਿਥੋਂ ਉਹ ਰੇਲ ਗੱਡੀ ਰਾਹੀਂ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਵਲੋਂ ਵਾਪਸ ਆਪਣੇ ਘਰ ਭੇਜਣ ਦੀ ਬੇਨਤੀ ਜ਼ਿਲਾ ਪ੍ਰਸ਼ਾਸਨ ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਜ਼ਿਲਾ ਸੰਗਰੂਰ 'ਚ ਵੱਖ-ਵੱਖ ਥਾਵਾਂ ਤੇ ਕੰਮਕਾਜ ਕਰਦੇ ਸਨ ਅਤੇ ਹੁਣ ਆਪੋ ਆਪਣੇ ਘਰਾਂ ਵਿਚ ਵਾਪਸ ਜਾਣਾ ਚਾਹੁੰਦੇ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਮੈਡੀਕਲ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨੋਡਲ ਟੀਮਾਂ ਦੀ ਨਿਗਰਾਨੀ ਹੇਠ ਸਬ-ਡਵੀਜ਼ਨ ਮਲੇਰਕੋਟਲਾ ਤੋਂ 260, ਅਹਿਮਦਗੜ੍ਹ ਤੋਂ 7, ਧੂਰੀ ਤੋਂ 5, ਸੰਗਰੂਰ ਤੋਂ 57 ਅਤੇ ਲਹਿਰਾ ਤੋਂ 1 ਵਿਅਕਤੀ ਇਨ੍ਹਾਂ ਬੱਸਾਂ ਰਾਹੀਂ ਰਵਾਨਾ ਹੋਏ ਹਨ । ਬੱਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਗਿਆ ।

Shyna

This news is Content Editor Shyna