ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ

04/22/2018 4:56:48 PM

ਖੰਨਾ (ਬਿਪਨ) : ਦੋਰਾਹਾ ਦੇ ਨੇੜਲੇ ਪਿੰਡ ਬਰਮਾਲੀਪੁਰ ਦੇ ਇਕ ਕਿਸਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਕਿਸਾਨ ਸੰਤੋਖ ਸਿੰਘ (60) ਪੁੱਤਰ ਮਾਨ ਸਿੰਘ ਵੱਲੋਂ ਸਮੇਂ-ਸਮੇਂ 'ਤੇ ਜ਼ਮੀਨ ਵੇਚ ਕੇ ਕਰਜ਼ੇ ਦਾ ਬੋਝ ਘੱਟ ਕਰਨ ਦਾ ਯਤਨ ਕੀਤਾ ਗਿਆ ਪਰ ਸਾਰੀ ਜ਼ਮੀਨ ਵੇਚ ਕੇ ਵੀ ਕਰਜ਼ਾ ਘੱਟ ਨਾ ਹੋਇਆ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਸੰਤੋਖ ਸਿੰਘ ਲੰਬੇ ਤੋਂ ਕਰਜ਼ੇ ਕਰਕੇ ਪ੍ਰੇਸ਼ਾਨ ਸੀ। ਸਮੇਂ-ਸਮੇਂ 'ਤੇ ਖੇਤੀਬਾੜੀ ਕਰਦਿਆਂ ਉਸਨੂੰ ਘਾਟਾ ਪੈਂਦਾ ਰਿਹਾ ਤੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਉਸਨੂੰ ਕਈ ਵਾਰ ਜ਼ਮੀਨ ਵੇਚਣੀ ਪਈ। ਇਸੇ ਕਰਕੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। 
ਇਸੇ ਪ੍ਰੇਸ਼ਾਨੀ ਦੇ ਚਲਦਿਆਂ ਸੰਤੋਖ ਸਿੰਘ ਨੇ ਐਤਵਾਰ ਸਵੇਰੇ ਰੇਲਵੇ ਫਾਟਕ ਪਿੰਡ ਜਸਪਾਲੋਂ ਨਜ਼ਦੀਕ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। ਰੇਲਵੇ ਪੁਲਸ ਦੋਰਾਹਾ ਨੇ ਮ੍ਰਿਤਕ ਸੰਤੋਖ ਸਿੰਘ ਦੇ ਭਰਾ ਕਸ਼ਮੀਰ ਸਿੰਘ ਅਤੇ ਪੁੱਤਰ ਗਗਨਦੀਪ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।