ਮੀਟਿੰਗਾਂ ''ਤੇ ਕਰੋੜਾਂ ਦਾ ਖਰਚ, ਪਰ ਨਤੀਜਾ ਫਿਰ ਵੀ ਜ਼ੀਰੋ

03/12/2018 11:34:31 AM

ਜਲੰਧਰ (ਰਵਿੰਦਰ ਸ਼ਰਮਾ)— ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲਈ ਸਰਕਾਰ ਨੇ ਰੋਡ ਸੇਫਟੀ ਕਮੇਟੀ ਦਾ ਗਠਨ ਕੀਤਾ ਸੀ। ਨਿਯਮਾਂ ਮੁਤਾਬਕ ਹਰ ਮਹੀਨੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਹੋਣੀ ਲਾਜ਼ਮੀ ਹੈ ਅਤੇ ਇਸ ਮੀਟਿੰਗ 'ਚ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਦੀਆਂ ਯੋਜਨਾਵਾਂ ਬਣਾਉਣ ਦੀ ਜ਼ਿੰਮੇਵਾਰੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਨਾ ਕਰਕੇ ਨਿਯਮਾਂ ਦੀਆਂ ਖੁੱਲ੍ਹੇਆਮ ਧੱਜੀਆਂ ਉੱਡ ਰਹੀਆਂ ਹਨ। ਪਿਛਲੇ ਸਾਲ ਵੀ ਕਮੇਟੀ ਦੀਆਂ ਸਿਰਫ 5 ਮੀਟਿੰਗਾਂ ਹੀ ਹੋਈਆਂ ਸਨ। ਇਨ੍ਹਾਂ ਮੀਟਿੰਗਾਂ 'ਚ ਲਏ ਗਏ ਫੈਸਲਿਆਂ 'ਚੋਂ ਇਕ ਨੂੰ ਵੀ ਅਧਿਕਾਰੀ ਜ਼ਮੀਨੀ ਹਕੀਕਤ ਨਹੀਂ ਪਛਾਣ ਸਕੇ। ਕੁਲ ਮਿਲਾ ਕੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਸਿਰਫ ਚਾਹ ਪਾਰਟੀ ਦੀ ਮੀਟਿੰਗ ਬਣ ਕੇ ਰਹਿ ਗਈ ਹੈ। ਇਸ ਕਮੇਟੀ ਦੇ ਮੈਂਬਰ ਆਰ. ਟੀ. ਏ., ਡੀ. ਸੀ., ਪੁਲਸ ਕਮਿਸ਼ਨਰ, ਨਿਗਮ ਕਮਿਸ਼ਨਰ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ ਅਤੇ ਹਰੇਕ ਮੀਟਿੰਗ 'ਚ ਹਜ਼ਾਰਾਂ ਰੁਪਏ ਜਨਤਾ ਦੇ ਖਰਚ ਹੁੰਦੇ ਹਨ ਮਤਲਬ ਕੁਲ ਮਿਲਾ ਕੇ ਹੁਣ ਤੱਕ ਕਰੋੜਾਂ ਰੁਪਏ ਜਨਤਾ ਦੀ ਗਾੜ੍ਹੀ ਕਮਾਈ ਦੇ ਰੋਡ ਸੇਫਟੀ ਕਮੇਟੀ ਦੀਆਂ ਮੀਟਿੰਗਾਂ 'ਤੇ ਖਰਚ ਹੋ ਚੁੱਕੇ ਹਨ ਪਰ ਟ੍ਰੈਫਿਕ ਵਿਵਸਥਾ ਸੁਧਾਰ ਵੱਲ ਇਕ ਵੀ ਕਦਮ ਨਹੀਂ ਵਧ ਸਕਿਆ ਹੈ। ਪਿਛਲੇ ਸਾਲ 5 ਮੀਟਿੰਗਾਂ 'ਚ ਜ਼ਿਲੇ ਦੇ 14 ਵੱਡੇ ਅਧਿਕਾਰੀ 7 ਘੰਟੇ ਤਕ ਟ੍ਰੈਫਿਕ ਸੁਧਾਰਾਂ ਪ੍ਰਤੀ ਚਰਚਾ ਕਰਦੇ ਰਹੇ ਪਰ ਨਤੀਜਾ ਜ਼ੀਰੋ ਨਿਕਲਿਆ।
ਵੱਡੇ ਅਧਿਕਾਰੀ ਖੁਦ ਜਨਤਾ ਦੀਆਂ ਯੋਜਨਾਵਾਂ ਸਬੰਧੀ ਲਾਪਰਵਾਹ
ਰੋਡ ਸੇਫਟੀ ਕਮੇਟੀ ਦੀ ਮੀਟਿੰਗ 'ਚ ਪੁਲਸ ਕਮਿਸ਼ਨਰ, ਡੀ. ਸੀ., ਐੱਸ. ਐੱਸ. ਪੀ. ਦਿਹਾਤੀ, ਸਿਵਲ ਸਰਜਨ, ਪੀ. ਡਬਲਯੂ. ਡੀ. ਦੇ ਐਕਸੀਅਨ ਬਤੌਰ ਮੈਂਬਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਦੇ ਮੋਢਿਆਂ 'ਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਹੈ। ਜੇਕਰ ਇਨ੍ਹਾਂ 'ਚੋਂ ਕੋਈ ਵੀ ਅਧਿਕਾਰੀ ਖੁਦ ਮੀਟਿੰਗ 'ਚ ਨਹੀਂ ਆਉਂਦੇ। ਪੁਲਸ ਕਮਿਸ਼ਨਰ ਨੂੰ ਟ੍ਰੈਫਿਕ ਇੰਚਾਰਜ, ਐੱਸ. ਐੱਸ. ਪੀ. ਦਿਹਾਤੀ ਨੂੰ ਡੀ. ਐੱਸ. ਪੀ. ਪੱਧਰ ਦਾ ਅਧਿਕਾਰੀ ਅਤੇ ਡੀ. ਸੀ. ਨੂੰ ਸਾਰੇ ਐੱਸ. ਡੀ. ਐੱਮ. ਤਾਂ ਕਦੇ ਏ. ਡੀ. ਸੀ.  ਪੱਧਰ ਦਾ ਅਧਿਕਾਰੀ ਰੀਪ੍ਰੈਜ਼ੈਂਟ ਕਰਦਾ ਹੈ।
ਵਿਭਾਗਾਂ ਦੀ ਤਾਲਮੇਲ ਦੀ ਕਮੀ ਨਾਲ ਸਿਰੇ ਨਹੀਂ ਚੜ੍ਹਦੀ ਕੋਈ ਯੋਜਨਾ
ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸੁਧਾਰ ਦੀ ਮੁੱਖ ਜ਼ਿੰਮੇਵਾਰੀ ਪੁਲਸ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਜ਼ਿੰਮੇ ਹੁੰਦੀ ਹੈ। ਇਨ੍ਹਾਂ ਤਿੰਨ ਵਿਭਾਗਾਂ 'ਚ ਆਪਸੀ ਤਾਲਮੇਲ ਅੱਜ ਤਕ ਨਹੀਂ ਬਣ ਸਕਿਆ ਹੈ। ਤਿੰਨੇ ਵਿਭਾਗ ਪੂਰੀ ਤਰ੍ਹਾਂ ਆਪਣੀ ਡਿਊਟੀ ਨਿਭਾਉਣ 'ਚ ਅਸਫਲ ਰਹੇ ਹਨ। ਨਾ ਤਾਂ ਟ੍ਰੈਫਿਕ ਪੁਲਸ ਟ੍ਰੈਫਿਕ ਸੁਧਾਰ ਦੀ ਜ਼ਿੰਮੇਵਾਰੀ ਲੈਂਦੀ ਹੈ ਨਾ ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਚੌਕਸ ਹੈ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਦਮ ਚੁੱਕੇ ਜਾਂਦੇ ਹਨ। ਕਦੇ ਨਗਰ ਨਿਗਮ ਕੋਈ ਕਾਰਵਾਈ ਕਰਨ ਨਿਕਲਦਾ ਹੈ ਤਾਂ ਪੁਲਸ ਦਾ ਸਾਥ ਨਹੀਂ ਮਿਲਦਾ ਅਤੇ ਕਦੇ ਪੁਲਸ ਕੰਮ ਕਰਨਾ ਚਾਹੁੰਦੀ ਹੈ ਤਾਂ ਨਗਰ ਨਿਗਮ ਹੱਥ ਖੜ੍ਹੇ ਕਰ ਦਿੰਦਾ ਹੈ।
ਕਈ ਯੋਜਨਾਵਾਂ ਬਣੀਆਂ ਪਰ ਸਾਰੀਆਂ ਫਲਾਪ
1. ਮੀਟਿੰਗ 'ਚ ਫੈਸਲਾ ਹੋਇਆ ਸੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਪਾਰਕਿੰਗ ਵਿਵਸਥਾ ਖੁਦ ਕਰਨੀ ਹੋਵੇਗੀ ਅਤੇ ਕੋਈ ਵੀ ਹਸਪਤਾਲ ਸੜਕ 'ਤੇ ਵਾਹਨਾਂ ਦੀ ਪਾਰਕਿੰਗ ਨਹੀਂ ਕਰੇਗਾ। ਜੇਕਰ ਇਸ 'ਤੇ ਅੱਜ ਕੋਈ ਅਮਲ ਨਹੀਂ ਹੋ ਸਕਿਆ ਅਤੇ ਸਾਰੇ ਹਸਪਤਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
2. ਬੀ. ਐੱਮ. ਸੀ. ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤਕ ਜਿੰਨੀਆਂ ਟ੍ਰੈਫਿਕ ਲਾਈਟਾਂ ਹਨ, ਉਨ੍ਹਾਂ ਦਾ ਸਮਾਂ ਇਕਸਾਰ ਕਰਨ ਅਤੇ ਟ੍ਰੈਫਿਕ ਲਾਈਟਾਂ ਨੂੰ ਜੀ. ਪੀ. ਐੱਸ. ਤੋਂ ਸਿੰਕ੍ਰੋਨਾਈਜ਼ ਕਰਨ ਦੇ ਪਲਾਨ 'ਤੇ 6 ਲੱਖ ਰੁਪਏ ਤਕ ਖਰਚ ਕਰ ਦਿੱਤੇ ਗਏ ਪਰ ਵਾਰ-ਵਾਰ ਹਦਾਇਤਾਂ ਤੋਂ ਬਾਅਦ ਵੀ ਇਸ 'ਤੇ ਕੋਈ ਕੰਮ ਨਹੀਂ ਹੋਇਆ।
3. ਪ੍ਰਤਾਪ ਬਾਗ ਦੇ ਪਿੱਛੇ ਬੰਦ ਸਵਿਮਿੰਗ ਪੂਲ ਦੀ ਜਗ੍ਹਾ ਨੂੰ ਪਾਰਕਿੰਗ ਪਲੇਸ ਦੇ ਤੌਰ 'ਤੇ ਵਿਕਸਤ ਕਰਨ ਦੀ ਯੋਜਨਾ ਸੀ, ਇਸ 'ਤੇ ਕੰਮ ਤਕ ਨਹੀਂ ਸ਼ੁਰੂ ਹੋ ਸਕਿਆ।
4. ਮਾਡਲ ਟਾਊਨ ਮਾਰਕੀਟ 'ਚ ਨਿੱਕੂ ਪਾਰਕ ਵਾਲੀ ਜਗ੍ਹਾ 'ਤੇ ਟੈਂਪਰੇਰੀ ਪਾਰਕਿੰਗ ਪਲੇਸ ਵਿਕਸਿਤ ਕਰਨ ਦੀ ਯੋਜਨਾ ਸੀ, ਸਾਲਾਂ ਤੋਂ ਯੋਜਨਾ 'ਤੇ ਕੰਮ ਨਹੀਂ ਹੋ ਸਕਿਆ ਅਤੇ ਮਾਡਲ ਟਾਊਨ ਇਕ ਜਾਮ ਬਣ ਕੇ ਰਹਿ ਗਿਆ ਹੈ।
5. ਕੂੜਾ ਲਿਫਟਿੰਗ ਦਾ ਕੰਮ ਲੋਕਾਂ ਦੀ ਰੁਟੀਨ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਦੀ ਯੋਜਨਾ ਸੀ, ਕੋਈ ਕੰਮ ਨਹੀਂ ਹੋ ਸਕਿਆ ਅਤੇ ਦੁਪਹਿਰ ਸਮੇਂ ਲਿਫਟਿੰਗ ਹੋਣ ਨਾਲ ਕਈ ਘੰਟੇ ਜਾਮ ਲੱਗਦਾ ਹੈ।
6. ਸ਼ਹਿਰ ਦੇ ਤੰਗ ਬਾਜ਼ਾਰਾਂ ਨੂੰ ਵਨ ਵੇ ਕਰਨ ਅਤੇ ਵੱਡੇ ਵਾਹਨਾਂ ਦੇ ਪ੍ਰਵੇਸ਼ 'ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਸੀ ਪਰ ਅੱਜ ਤਕ ਟ੍ਰੈਫਿਕ ਪੁਲਸ ਇਸ 'ਤੇ ਅਮਲ ਨਹੀਂ ਕਰਵਾ ਸਕੀ।
7. ਜੋਤੀ ਚੌਕ ਕੋਲ ਸੁਦਾਮਾ ਮਾਰਕੀਟ, ਓਲਡ ਕਚਹਿਰੀ ਰੋਡ ਅਤੇ ਪੁਰਾਣੀ ਜੇਲ ਸਾਈਟ 'ਤੇ ਪਾਰਕਿੰਗ ਪਲੇਸ ਬਣਾਉਣ ਦੀ ਯੋਜਨਾ ਸੀ ਪਰ ਕੋਈ ਕੰਮ ਨਹੀਂ ਹੋ ਸਕਿਆ।
8. ਸਿਵਲ ਹਸਪਤਾਲ ਦੇ ਮੇਨ ਗੇਟ ਨੂੰ ਟ੍ਰੈਫਿਕ ਜਾਮ ਫ੍ਰੀ ਕਰਨ ਦੀ ਯੋਜਨਾ ਸੀ ਅਤੇ ਟ੍ਰੈਫਿਕ ਮੁਲਾਜ਼ਮ ਤਾਇਨਾਤੀ ਦੇ ਹੁਕਮ ਸਨ, ਲੇਕਿਨ ਅੱਜ ਤਕ ਅਮਲ ਨਹੀਂ ਹੋਇਆ। ਹੁਣ ਤਾਂ ਰਿਕਸ਼ਾ ਚਾਲਕਾਂ ਦੇ ਨਾਲ-ਨਾਲ ਫੜ੍ਹੀਆਂ ਵਾਲਿਆਂ ਨੇ ਵੀ ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਕਬਜ਼ਾ ਜਮਾ ਲਿਆ ਹੈ।
9. ਬੱਸ ਸਟੈਂਡ ਫਲਾਈਓਵਰ ਦਾ ਡਿਜ਼ਾਈਨ ਬਦਲਿਆ ਜਾਣਾ ਸੀ ਤਾਂ ਕਿ ਬੱਸਾਂ ਸਿੱਧੇ ਬੱਸ ਸਟੈਂਡ ਦੇ ਅੰਦਰ ਜਾ ਸਕਣ ਪਰ ਕੋਈ ਕੰਮ ਨਹੀਂ ਹੋ ਸਕਿਆ।
10. ਰੇਹੜੀ ਤੇ ਫੜ੍ਹੀ ਵਾਲਿਆਂ ਨੂੰ ਵੱਖ ਇਕ ਥਾਂ ਸ਼ਿਫਟ ਕਰ ਦੇਣ ਦੀ ਯੋਜਨਾ ਸੀ ਤਾਂ ਕਿ ਸੜਕਾਂ 'ਤੇ ਜਾਮ ਨਾ ਲੱਗੇ ਪਰ ਕੋਈ ਕੰਮ ਨਗਰ ਨਿਗਮ ਵਲੋਂ ਨਹੀਂ ਹੋ ਸਕਿਆ।
11. ਸ਼ਹਿਰ 'ਚ ਨਾਜਾਇਜ਼ ਰੂਪ ਨਾਲ ਬਣੇ ਟੈਕਸੀ ਸਟੈਂਡਾਂ ਨੂੰ ਹਟਾਉਣ ਦੀ ਯੋਜਨਾ ਸੀ ਪਰ ਕੋਈ ਕਾਰਵਾਈ ਨਹੀਂ ਹੋ ਸਕੀ।