ਅੱਡਾ ਝਬਾਲ ਦੇ ਜਾਮ ''ਚ ਫਸੀ ਰਹਿੰਦੀ ''ਜ਼ਿੰਦਗੀ''

11/22/2017 12:57:49 PM

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ) - ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਦਾ ਮੁੱਦਾ ਭਾਵੇਂ 'ਜਗ ਬਾਣੀ' ਵੱਲੋਂ ਕਈ ਵਾਰ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਹੈ ਪਰ ਜ਼ਿਲਾ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਝਬਾਲ ਚੌਕ ਜੋ ਕਿ ਥਾਣਾ ਝਬਾਲ ਤੋਂ ਸਿਰਫ 10 ਗਜ਼ ਦੀ ਦੂਰੀ 'ਤੇ ਹੈ ਪਰ ਚੌਕ 'ਚ ਨਾ ਤਾਂ ਕੋਈ ਪੁਲਸ ਮੁਲਾਜ਼ਮ ਅਤੇ ਨਾ ਹੀ ਟ੍ਰੈਫਿਕ ਵਿਭਾਗ ਦਾ ਕੋਈ ਕਰਮਚਾਰੀ ਤਾਇਨਾਤ ਹੁੰਦਾ ਹੈ, ਜਿਸ ਕਾਰਨ ਸਾਰਾ-ਸਾਰਾ ਦਿਨ ਕਸਬੇ ਦੇ ਤਰਨਤਾਰਨ, ਅਟਾਰੀ, ਭਿੱਖੀਵਿੰਡ ਤੇ ਅੰਮ੍ਰਿਤਸਰ ਮਾਰਗਾਂ 'ਤੇ ਲੱਗੇ ਭਾਰੀ ਜਾਮ 'ਚ ਲੋਕ ਫਸੇ ਰਹਿੰਦੇ ਹਨ। 
ਜ਼ਿਕਰਯੋਗ ਹੈ ਕਿ ਅੱਡਾ ਝਬਾਲ 'ਚੋਂ ਦੀ ਲੰਘਣ ਵਾਲੇ ਓਵਰਲੋਡਿੰਗ ਵਾਹਨ ਵੀ ਟ੍ਰੈਫਿਕ 'ਚ ਵੱਡਾ ਅੜਿੱਕਾ ਬਣਨ ਦੇ ਨਾਲ ਹਾਦਸਿਆਂ ਨੂੰ ਅੰਜਾਮ ਦੇ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਮੰਗਲਵਾਰ ਨੂੰ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਓਵਰਲੋਡ ਟਰੱਕ ਨੇ ਸੜਕ ਕਿਨਾਰੇ ਖੜ੍ਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਟ੍ਰੈਫਿਕ ਵਿੰਗ ਦਿਹਾਤੀ 'ਚ ਤਾਇਨਾਤ ਟ੍ਰੈਫਿਕ ਇੰਚਾਰਜ ਸਾਹਿਬ ਨੂੰ ਖਾਸ ਮੋੜਾਂ 'ਤੇ ਨਾਕੇ ਲਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪੜ੍ਹਾਏ ਜਾਂਦੇ ਪਾਠ ਤੋਂ ਵਿਹਲ ਨਹੀਂ ਮਿਲ ਰਹੀ ਹੈ, ਜਿਸ ਕਾਰਨ ਅੱਡਾ ਝਬਾਲ ਦੀਆਂ ਸੜਕਾਂ 'ਤੇ ਕਥਿਤ ਦੁਕਾਨਦਾਰਾਂ, ਰੇਹੜੀ ਫੜ੍ਹੀ ਅਤੇ ਗਲਤ ਪਾਰਕਿੰਗ ਵਾਲਿਆਂ ਦਾ ਕਬਜ਼ਾ ਬਣਿਆ ਹੋਇਆ ਹੋਣ ਕਰ ਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। 
ਕਰਮਚਾਰੀਆਂ ਦੀ ਕਮੀ ਟ੍ਰੈਫਿਕ ਸਮੱਸਿਆ ਦਾ ਇਕ ਕਾਰਨ : ਟ੍ਰੈਫਿਕ ਇੰਚਾਰਜ
ਓਧਰ ਟ੍ਰੈਫਿਕ ਇੰਚਾਰਜ ਸਾਹਿਬ ਅਸ਼ਵਨੀ ਕੁਮਾਰ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਕ ਵੱਡੇ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰੋਜ਼ਾਨਾ 10 ਚਲਾਨ ਕੱਟਣੇ ਲਾਜ਼ਮੀ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਵੀ ਟ੍ਰੈਫਿਕ ਸਮੱਸਿਆ ਦਾ ਇਕ ਕਾਰਨ ਹੈ। ਉਨ੍ਹਾਂ ਝਬਾਲ ਚੌਕ 'ਚ ਮੁਲਾਜ਼ਮ ਨਾ ਹੋਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਕਮੀ ਦੇ ਬਾਵਜੂਦ ਉਨ੍ਹਾਂ ਦੇ ਟ੍ਰੈਫਿਕ ਮੁਲਾਜ਼ਮ ਚੌਕ 'ਚ ਤਾਇਨਾਤ ਰਹਿੰਦੇ ਹਨ।