ਟ੍ਰੈਫਿਕ ਪੁਲਸ ਨੇ 813 ਚਲਾਨ ਕੱਟੇ; 6.65 ਲੱਖ ਰੁਪਏ ਜੁਰਮਾਨਾ ਵਸੂਲਿਆ

09/22/2017 2:13:42 PM


ਰੂਪਨਗਰ (ਵਿਜੇ) - ਨੈਸ਼ਨਲ ਹਾਈਵੇ ਬਾਈਪਾਸ 'ਤੇ ਲੱਗੀਆਂ ਖਰਾਬ ਟ੍ਰੈਫਿਕ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ । ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ 'ਚ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਕੀਤੀ। ਉਨ੍ਹਾਂ ਸਕੂਲ ਜਾਂਦੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਨਿੱਜੀ ਵਾਹਨਾਂ ਖਾਸ ਕਰਕੇ ਥ੍ਰੀ-ਵ੍ਹੀਲਰ 'ਤੇ ਨਾ ਭੇਜ ਕੇ ਸਕੂਲ ਦੇ ਸੁਰੱਖਿਅਤ ਵਾਹਨਾਂ 'ਤੇ ਹੀ ਭੇਜਣ।

ਉਨ੍ਹਾਂ ਐੱਸ. ਡੀ. ਐੱਮਜ਼ ਨੂੰ ਸਕੂਲਾਂ ਨੇੜੇ ਮੁੱਖ ਸੜਕਾਂ 'ਤੇ ਰੰਬਲ ਸਟ੍ਰਿਪਸ ਲਾਉਣ ਲਈ ਆਖਿਆ ਤਾਂ ਜੋ ਉਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਰਫਤਾਰ ਘੱਟ ਹੋ ਸਕੇ। ਇਸ ਤੋਂ ਇਲਾਵਾ ਇਨ੍ਹਾਂ ਸੜਕਾਂ 'ਤੇ ਸਕੂਲਾਂ ਸੰਬੰਧੀ ਸਾਈਨ ਬੋਰਡ ਵੀ ਲਾਏ ਜਾਣ। ਸੜਕੀ ਹਾਦਸਿਆਂ ਦੀ ਸਮੀਖਿਆ ਦੌਰਾਨ ਸਹਾਇਕ ਟ੍ਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ ਜ਼ਿਲੇ 'ਚ ਕੁੱਲ 54 ਸੜਕੀ ਹਾਦਸੇ ਵਾਪਰੇ, ਜਿਨ੍ਹਾਂ 'ਚ 38 ਵਿਅਕਤੀਆਂ ਦੀਆਂ ਜਾਨਾਂ ਗਈਆਂ, ਜਦਕਿ 57 ਵਿਅਕਤੀ ਜ਼ਖਮੀ ਹੋਏ।

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਮਰੱਥਾ ਤੋਂ ਵੱਧ ਭਾਰ/ਸਵਾਰੀਆਂ ਢੋਣ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ, ਜਿਸ ਤਹਿਤ ਅਗਸਤ ਮਹੀਨੇ ਦੌਰਾਨ ਉਨ੍ਹਾਂ ਦੇ ਦਫਤਰ ਵੱਲੋਂ 124 ਚਲਾਨ ਕੱਟੇ ਗਏ, ਜਿਨ੍ਹਾਂ ਕੋਲੋਂ 6 ਲੱਖ 16 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਵੱਲੋਂ 813 ਚਲਾਨ ਕੱਟੇ ਗਏ ਤੇ 6 ਲੱਖ 65 ਹਜ਼ਾਰ 900 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਹਰਜੋਤ ਕੌਰ ਐੱਸ. ਡੀ. ਐੱਮ. ਰੂਪਨਗਰ, ਰੂਹੀ ਦੁੱਗ ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ, ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ), ਡਾ. ਰੀਤਾ ਸਹਾਇਕ ਸਿਵਲ ਸਰਜਨ, ਰਾਜਿੰਦਰ ਕੌਰ ਜ਼ਿਲਾ ਬਾਲ ਸੁਰੱਖਿਆ ਅਫਸਰ, ਮਿਸ ਮੋਹਿਤਾ ਬਾਲ ਸੁਰੱਖਿਆ ਅਫਸਰ ਤੇ ਹੋਰ ਅਧਿਕਾਰੀ ਹਾਜ਼ਰ ਸਨ।