ਟ੍ਰੈਫਿਕ ਪੁਲਸ ਨੇ ਵਾਹਨਾਂ ਦੇ ਕੱਟੇ ਚਲਾਨ

01/01/2018 7:17:40 AM

ਕਪੂਰਥਲਾ, (ਭੂਸ਼ਣ)- ਸ਼ਹਿਰ 'ਚ ਚੱਲ ਰਹੇ ਤੇਜ਼ ਰਫਤਾਰ ਟਰਾਲਿਆਂ ਖਿਲਾਫ ਬੀਤੇ 9 ਮਹੀਨਿਆਂ ਤੋਂ ਚੱਲ ਰਹੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਟ੍ਰੈਫਿਕ ਪੁਲਸ ਕਪੂਰਥਲਾ ਨੇ ਐਤਵਾਰ ਨੂੰ ਕੁਲ 12 ਟਰਾਲਿਆਂ ਨੂੰ ਜ਼ਬਤ ਕਰ ਲਿਆ, ਜਿਸ ਦੌਰਾਨ ਜਿੱਥੇ ਸਰਕਾਰੀ ਖਜ਼ਾਨੇ 'ਚ ਕਰੀਬ 1.20 ਲੱਖ ਰੁਪਏ ਦੀ ਰਕਮ ਜਮ੍ਹਾ ਹੋਣ ਦੀ ਸੰਭਾਵਨਾ ਹੈ, ਉਥੇ ਹੀ ਸਾਲ 2017 ਦੌਰਾਨ ਟ੍ਰੈਫਿਕ ਪੁਲਸ ਕਪੂਰਥਲਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾਈ ਗਈ ਜੁਰਮਾਨੇ ਦੀ ਰਕਮ ਵਧ ਕੇ 1.23 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
 ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨੇ ਐਤਵਾਰ ਨੂੰ ਸ਼ਹਿਰ ਦੇ ਡੀ. ਸੀ. ਚੌਕ, ਕਰਤਾਰਪੁਰ ਰੋਡ, ਜਲੰਧਰ ਮਾਰਗ ਅਤੇ ਕਾਂਜਲੀ ਮਾਰਗ 'ਤੇ ਪੁਲਸ ਟੀਮ ਨਾਲ ਇਕ ਵਿਸ਼ੇਸ਼ ਮੁਹਿੰਮ ਛੇੜਦੇ ਹੋਏ ਦਿਨ ਸਮੇਂ ਨੋ-ਐਂਟਰੀ ਜ਼ੋਨ 'ਚ ਆ ਰਹੇ 12 ਟਰਾਲਿਆਂ ਨੂੰ ਇੰਪਾਊਂਡ ਕਰ ਦਿੱਤਾ। ਇਸ ਦੌਰਾਨ ਟ੍ਰੈਫਿਕ ਪੁਲਸ ਨੇ 50 ਦੇ ਲਗਭਗ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਚਲਾਨ ਕੱਟੇ।