ਟ੍ਰੈਫਿਕ ਪੁਲਸ ਨੇ ਬੱਸ ਅੱਡੇ ਆਉਣ-ਜਾਣ ਵਾਲਿਆਂ ਲਈ ਰੂਟ ਬਦਲਿਆ

05/26/2018 12:42:09 PM

ਲੁਧਿਆਣਾ (ਸੰਨੀ) : ਗਿੱਲ ਰੋਡ ਫਲਾਈਓਵਰ ਦੀ ਰਿਪੇਅਰ ਕਾਰਨ ਨਗਰ ਵਿਚ ਕਹਿਰ ਦੀ ਗਰਮੀ ਵਿਚ ਲੱਗ ਰਹੇ ਭਿਆਨਕ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਵਲੋਂ ਬੱਸ ਅੱਡੇ ਵੱਲ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਬਦਲ ਕੇ ਇਨ੍ਹਾਂ ਨੂੰ ਜਲੰਧਰ ਬਾਈਪਾਸ, ਦਾਣਾ ਮੰਡੀ ਵਿਚ ਬਣਾਏ ਗਏ ਅਸਥਾਈ ਅੱਡੇ ਵੱਲ ਤਾਂ ਭੇਜਿਆ ਜਾ ਰਿਹਾ ਹੈ ਪਰ ਇਸ ਅਸਥਾਈ ਬੱਸ ਅੱਡੇ 'ਤੇ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਚਾਲਕ ਬੱਸਾਂ ਨੂੰ ਉੱਥੇ ਨਹੀਂ ਲਿਜਾ ਰਹੇ। ਟ੍ਰੈਫਿਕ ਪੁਲਸ ਵੱਲੋਂ ਮੋਗਾ-ਫਿਰੋਜ਼ਪੁਰ ਰੋਡ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਤਾਂ ਬੱਸ ਅੱਡੇ ਵੱਲ ਆਉਣ ਦਿੱਤਾ ਜਾ ਰਿਹਾ ਹੈ ਪਰ ਦਿੱਲੀ, ਜਲੰਧਰ, ਪਟਿਆਲਾ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਬੱਸ ਅੱਡੇ ਆਉਣ ਤੋਂ ਰੋਕਿਆ ਜਾ ਰਿਹਾ ਹੈ। 
ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਬੱਸਾਂ ਨੂੰ ਸ਼ਾਮ ਸਮੇਂ ਬੱਸ ਅੱਡੇ ਵੱਲ ਆਉਣ ਤੋਂ ਰੋਕਿਆ ਜਾ ਰਿਹਾ ਸੀ ਪਰ ਨਗਰ ਵਿਚ ਜਾਮ ਦੇ ਹਾਲਾਤ ਨੂੰ ਦੇਖਦੇ ਹੋਏ ਬੱਸਾਂ ਦੇ ਸਾਰਾ ਦਿਨ ਸ਼ਹਿਰ ਵਿਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਬਰਾੜ ਦੇ ਮੁਤਾਬਕ ਗਿੱਲ ਰੋਡ ਫਲਾਈਓਵਰ ਦੀ ਇਕ ਰਿਟੇਨਿੰਗ ਵਾਲ ਡਿੱਗਣ ਦੇ ਬਾਅਦ ਤੋਂ ਹੀ ਟ੍ਰੈਫਿਕ ਪੁਲਸ ਪੂਰੀ ਲਗਨ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ।