ਟ੍ਰੈਫਿਕ ਪੁਲਸ ਨੇ ਬੀ. ਐੱਮ. ਸੀ. ਚੌਕ ਕੋਲੋਂ ਨੋ-ਪਾਰਕਿੰਗ ਜ਼ੋਨ ਤੋਂ 21 ਕਾਰਾਂ ਚੁੱਕੀਆਂ

02/27/2018 3:24:18 PM

ਜਲੰਧਰ (ਸ਼ੋਰੀ)— ਬੀ. ਐੱਮ. ਸੀ. ਚੌਕ ਕੋਲ ਇਕ ਮਸ਼ਹੂਰ ਹੋਟਲ ਨਜ਼ਦੀਕ ਗਲਤ ਢੰਗ ਨਾਲ ਆਪਣੀਆਂ ਕਾਰਾਂ ਲਾਉਣ ਵਾਲਿਆਂ ਖਿਲਾਫ ਸਪੈਸ਼ਲ ਮੁਹਿੰਮ ਚਲਾਉਂਦੇ ਹੋਏ ਟ੍ਰੈਫਿਕ ਪੁਲਸ ਨੇ ਦਰਜਨਾਂ ਦੇ ਹਿਸਾਬ ਨਾਲ ਗੱਡੀਆਂ ਨੂੰ ਚੁੱਕਿਆ ਅਤੇ ਥਾਣੇ ਲੈ ਗਈ। ਨੋ-ਪਾਰਕਿੰਗ ਜ਼ੋਨ 'ਚ ਰੋਜ਼ਾਨਾ ਹੀ ਗਲਤ ਢੰਗ ਨਾਲ ਲੱਗਣ ਵਾਲੀਆਂ ਕਾਰਾਂ ਦੀਆਂ ਸ਼ਿਕਾਇਤਾਂ ਵਾਰ-ਵਾਰ ਮਿਲਣ ਤੋਂ ਬਾਅਦ ਆਖਿਰਕਾਰ ਟ੍ਰੈਫਿਕ ਪੁਲਸ ਨੀਂਦ ਤੋਂ ਜਾਗੀ ਅਤੇ ਵੱਡੀ ਕਾਰਵਾਈ ਕੀਤੀ।
ਟ੍ਰੈਫਿਕ ਪੁਲਸ ਨੇ ਕਰੀਬ 21 ਕਾਰਾਂ ਨੂੰ ਚੁੱਕਿਆ, ਹਾਲਾਂਕਿ ਇਸ ਦੌਰਾਨ ਕਾਰ ਮਾਲਕ ਟ੍ਰੈਫਿਕ ਪੁਲਸ ਨਾਲ ਬਹਿਸਬਾਜ਼ੀ ਵੀ ਕਰਦੇ ਨਜ਼ਰ ਆ ਰਹੇ ਸਨ, ਕੁਝ ਤਾਂ ਫੋਨ 'ਤੇ ਰਾਜਨੀਤਕ ਲੋਕਾਂ ਨਾਲ ਗੱਲਬਾਤ ਕਰਵਾ ਕੇ ਆਪਣਾ ਬਚਾਅ ਕਰ ਰਹੇ ਸਨ ਪਰ ਪੁਲਸ ਨੇ ਕਿਸੇ ਨਾਲ ਗੱਲ ਕਰਨ ਤੋਂ ਸਾਫ ਮਨ੍ਹਾ ਕੀਤਾ ਅਤੇ ਗਲਤ ਢੰਗ ਨਾਲ ਖੜ੍ਹੀਆਂ ਕਾਰਾਂ ਨੂੰ ਚੁੱਕਿਆ।  ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਸਿੰਘ ਹੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਕਾਰਾਂ ਨੂੰ ਨੋ-ਪਾਰਕਿੰਗ ਸਥਾਨਾਂ 'ਚ ਨਹੀਂ ਬਲਕਿ ਪਾਰਕਿੰਗ ਸਥਾਨਾਂ 'ਤੇ ਲਾਉਣ ਤਾਂ ਕਿ ਜਾਮ ਨਾ ਲੱਗ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਭਵਿੱਖ 'ਚ ਵੀ ਪੁਲਸ ਦੀ ਇਹ ਮੁਹਿੰਮ ਜਾਰੀ ਰਹੇਗੀ।