ਰਾਮਾ ਮੰਡੀ ''ਚ ਰੁਕਣ ਵਾਲੀਆਂ ਬੱਸਾਂ ਭਾਰਤ-ਪਾਕਿ ਬੱਸ ਸੇਵਾ ਲਈ ''ਖਤਰੇ ਦੀ ਘੰਟੀ''

07/20/2017 6:45:44 AM

ਜਲੰਧਰ(ਪੁਨੀਤ)-ਲਾਹੌਰ ਤੋਂ ਦਿੱਲੀ ਜਾਣ ਵਾਲੀ ਭਾਰਤ-ਪਾਕਿ ਬੱਸ ਸੇਵਾ ਸਦਾ-ਏ-ਸਰਹੱਦ ਲਈ ਰਾਮਾ ਮੰਡੀ 'ਚ ਰੁਕਣ ਵਾਲੀਆਂ ਬੱਸਾਂ 'ਖਤਰੇ ਦੀ ਘੰਟੀ' ਸਾਬਿਤ ਹੋ ਸਕਦੀਆਂ ਹਨ ਪਰ ਟ੍ਰੈਫਿਕ ਪੁਲਸ ਵਲੋਂ ਇਸ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਰਾਮਾ ਮੰਡੀ ਚੌਕ 'ਚ ਬੱਸਾਂ ਦੀ ਰੋਜ਼ਾਨਾ ਲਾਈਨ ਲੱਗਦੀ ਹੈ ਅਤੇ ਬੱਸਾਂ ਕਾਫੀ ਦੇਰ ਤਕ ਉਥੇ ਸਵਾਰੀਆਂ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਜਾਂਦੀਆਂ ਹਨ। ਇਸ ਦੌਰਾਨ ਰਾਮਾ ਮੰਡੀ ਵਲੋਂ ਆਉਣ ਵਾਲੇ ਵਾਹਨਾਂ ਨੂੰ ਫਗਵਾੜਾ ਵਲ ਮੁੜਨ ਲਈ ਬੇਹੱਦ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਇਨ੍ਹਾਂ ਬੱਸਾਂ ਦੇ ਇਥੇ ਰੁਕਣ ਦੀ ਵਜ੍ਹਾ ਨਾਲ ਕਈ ਵਾਰ ਵਾਹਨਾਂ ਦੀ ਆਪਸ 'ਚ ਟੱਕਰ ਵੀ ਹੋ ਚੁੱਕੀ ਹੈ, ਜੋ ਕਿ ਭਾਰਤ-ਪਾਕਿ ਬੱਸ ਸੇਵਾ ਲਈ ਖਤਰੇ ਦੀ ਘੰਟੀ ਹੈ। ਇਸ ਬੱਸ ਦੇ ਨਾਲ ਭਾਵੇਂ ਪਾਇਲਟ ਜਿਪਸੀ ਚਲਦੀ ਹੈ ਪਰ ਫਿਰ ਵੀ ਰਾਮਾ ਮੰਡੀ ਚੌਕ 'ਚ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ ਕਿਉਂਕਿ ਇਥੇ ਸੜਕ ਦੇ ਵਿਚਕਾਰ ਬੱਸਾਂ ਰੁਕ ਕੇ ਸਵਾਰੀਆਂ ਚੁੱਕਦੀਆਂ ਹਨ। ਟ੍ਰੈਫਿਕ ਪੁਲਸ ਦੇ ਸਾਹਮਣੇ ਇਥੇ ਨਿਯਮ ਟੁੱਟਦੇ ਹਨ ਪਰ ਇਸ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਆਈ. ਏ. ਐੱਸ. ਅਧਿਕਾਰੀ ਪ੍ਰਿੰਸੀਪਲ ਸੈਕਟਰੀ ਸਟੇਟ ਟਰਾਂਸਪੋਰਟ ਸਰਬਜੀਤ ਸਿੰਘ ਓਬਰਾਏ, ਡਾਇਰੈਕਟਰ ਟਰਾਂਸਪੋਰਟ ਭੁਪਿੰਦਰ ਸਿੰਘ ਰਾਏ ਵਲੋਂ ਬੱਸ ਅੱਡੇ ਦੇ ਬਾਹਰ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਦੇ ਹੁਕਮਾਂ ਦੇ ਬਾਵਜੂਦ ਨਿਯਮ ਤੋੜਨ ਵਾਲੀਆਂ ਬੱਸਾਂ ਦੇ 11 ਚਲਾਨ ਕਰਕੇ ਖਾਨਾਪੂਰਤੀ ਕੀਤੀ ਗਈ। ਬੱਸ ਅੱਡੇ ਦੇ ਹੇਠਾਂ ਪ੍ਰਿੰਸ ਬੱਸ ਸਰਵਿਸ ਸਮੇਤ ਕਈ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨਿਸ਼ਾਨੇ 'ਤੇ ਰਹੀਆਂ। ਅੱਜ ਪੀ. ਏ. ਪੀ. ਚੌਕ 'ਚ ਦੋਵੇਂ ਪਾਸੇ ਟ੍ਰੈਫਿਕ ਸਟਾਪਰ ਲਗਾ ਕੇ ਬੱਸਾਂ ਨੂੰ ਰੁਕਣ ਤੋਂ ਰੋਕਿਆ ਗਿਆ। ਇਸ ਦੇ ਬਾਵਜੂਦ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਬੱਸਾਂ ਪੀ. ਏ. ਪੀ. ਚੌਕ ਤੋਂ 150 ਮੀਟਰ ਦੀ ਦੂਰੀ 'ਤੇ ਸਵਾਰੀਆਂ ਉਠਾਉਂਦੀਆਂ ਰਹੀਆਂ। 14 ਜੁਲਾਈ ਤੋਂ ਪੁਲਸ ਵਲੋਂ ਕੀਤੇ ਜਾ ਰਹੇ ਚਲਾਨਾਂ ਦੀ ਗਿਣਤੀ ਅੱਜ ਦੇ 11 ਚਲਾਨ ਮਿਲਾ ਕੇ 92 ਤਕ ਪਹੁੰਚ ਗਈ ਹੈ।