ਲੋਕਾਂ ਦੇ ਡੀ. ਐੱਲ. ਤੇ ਆਰ. ਸੀ. ਤਾਰ-ਤਾਰ ਕਰ ਰਹੀ ਪੁਲਸ

09/28/2019 4:13:01 PM

ਲੁਧਿਆਣਾ (ਸੁਰਿੰਦਰ) : ਲੋਕਾਂ ਵਲੋਂ ਕਈ ਟੈਸਟ ਦੇਣ ਅਤੇ ਆਰ. ਟੀ. ਏ. ਦਫਤਰ ਦੇ ਚੱਕਰ ਲਾ ਕੇ ਬਣਵਾਏ ਜਾਣ ਵਾਲੇ ਡੀ. ਐੱਲ. ਅਤੇ ਆਰ. ਸੀ. ਨੂੰ ਨਗਰ ਦੀ ਟ੍ਰੈਫਿਕ ਪੁਲਸ ਤਾਰ-ਤਾਰ ਕਰ ਰਹੀ ਹੈ। ਟ੍ਰੈਫਿਕ ਪੁਲਸ ਦੇ ਮੁਲਾਜ਼ਮ ਚਲਾਨ ਕੱਟਦੇ ਸਮੇਂ ਚਿੱਟ ਨਾਲ ਲੋਕਾਂ ਦੇ ਆਰ. ਸੀ. ਜਾਂ ਡੀ. ਐੱਲ. ਨੂੰ ਸਟੈਪਲ ਕਰਨ ਦੀ ਪ੍ਰਥਾ ਨਹੀਂ ਤਿਆਗ ਰਹੇ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਨਗਰ ਦੀ ਟ੍ਰੈਫਿਕ ਪੁਲਸ ਵਲੋਂ ਰੋਜ਼ਾਨਾ 300-400 ਚਾਲਕਾਂ ਦੇ ਨਿਯਮਾਂ ਦਾ ਪਾਲਣ ਨਾ ਕਰਨ ਦੇ ਜ਼ੁਰਮ 'ਚ ਚਲਾਨ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਭੁਗਤਣ ਲਈ ਆਰ. ਟੀ. ਏ. ਦਫਤਰ ਜਾਂ ਅਦਾਲਤ 'ਚ ਭੇਜਿਆ ਜਾਂਦਾ ਹੈ ਪਰ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਵਲੋਂ ਵਾਹਨ ਚਾਲਕ ਦੇ ਜ਼ਬਤ ਕੀਤੇ ਗਏ ਆਰ. ਸੀ. ਜਾਂ ਡੀ. ਐੱਲ. ਨੂੰ ਚਲਾਨ ਚਿੱਟ ਨਾਲ ਸਟੈਪਲ ਕਰਕੇ ਪਿਨ ਠੋਕ ਦਿੱਤੀ ਜਾਂਦੀ ਹੈ। ਸਮਾਰਟ ਕਾਰਡ ਦੇ ਰੂਪ 'ਚ ਬਣੀ ਆਰ. ਸੀ. ਜਾਂ ਡੀ. ਐੱਲ. ਦੇ ਚਿੱਪ 'ਤੇ ਜੇਕਰ ਪਿਨ ਲਾ ਦਿੱਤੀ ਜਾਵੇ ਤਾਂ ਉਹ ਕਿਸੇ ਕੰਮ ਦੀ ਨਹੀਂ ਰਹੇਗੀ। ਚਿੱਪ 'ਤੇ ਪਿੰਨ ਲਾਉਣ ਤੋਂ ਬਾਅਦ ਉਸ ਨੂੰ ਕਿਸੇ ਕਾਰਡ ਰੀਡਰ 'ਚ ਰੀਡ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਉਲਟ ਟ੍ਰੈਫਿਕ ਪੁਲਸ ਵਲੋਂ ਇਹ ਪ੍ਰਥਾ ਲਗਾਤਾਰ ਜਾਰੀ ਹੈ। ਇਸ ਬਾਰੇ ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਚਲਾਨ ਚਿੱਟ ਨੂੰ ਇਸ ਲਈ ਸਟੈਪਲ ਕਰਦੇ ਹਨ ਕਿ ਕਿਤੇ ਲੋਕਾਂ ਦੇ ਡਾਕੂਮੈਂਟ ਗੁੰਮ ਨਾ ਹੋ ਜਾਣ ਪਰ ਜੇਕਰ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਡਾਕੂਮੈਂਟ ਖਰਾਬ ਹੋ ਰਹੇ ਹਨ ਤਾਂ ਫੋਰਸ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਇਸ ਤਰ੍ਹਾਂ ਨਾ ਕਰਨ।

Babita

This news is Content Editor Babita