ਬੇਗੋਵਾਲ ''ਚ ਟ੍ਰੈਫਿਕ ਜਾਮ ਦੀ ਸਮੱਸਿਆ ਲਈ ਨਗਰ ਪੰਚਾਇਤ ਹੋਈ ਗੰਭੀਰ

02/08/2018 1:27:18 PM

ਬੇਗੋਵਾਲ (ਰਜਿੰਦਰ)— ਕਸਬਾ ਬੇਗੋਵਾਲ ਵਿਚ ਦਿਨੋਂ-ਦਿਨ ਵੱਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ਼ਹਿਰ ਵਿਚ ਇਸ ਵੇਲੇ ਟ੍ਰੈਫਿਕ ਜਾਮ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਲਈ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਨਗਰ ਪੰਚਾਇਤ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਅੱਗੇ ਤਕ ਵਧਾ ਕੇ ਰੱਖੇ ਸਾਮਾਨ ਨੂੰ ਦੁਕਾਨਦਾਰ ਆਪਣੀ ਹੱਦ ਵਿਚ ਕਰ ਲੈਣ। ਜਿਸ ਨਾਲ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਕੁਝ ਹੱਦ ਤਕ ਸੁਧਰ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਾਜ਼ਾਰ ਵਿਚ ਜਾਣ ਵੇਲੇ ਸੜਕਾਂ 'ਤੇ ਆਪਣੇ ਵਾਹਨ ਪਾਰਕ ਨਾ ਕਰਨ, ਕਿਉਂਕਿ ਇਸ ਨਾਲ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ। 
ਪ੍ਰਧਾਨ ਰਜਿੰਦਰ ਲਾਡੀ ਅਤੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ਵਿਚਲੇ ਟ੍ਰੈਫਿਕ ਜਾਮ ਸਬੰਧੀ ਅਨੇਕਾਂ ਸ਼ਿਕਾਇਤਾਂ ਮਿਲੀਆਂ ਹਨ ਕਿ ਦੁਕਾਨਾਂ ਬਾਹਰ ਵਧਾ ਕੇ ਰੱਖੇ ਸਾਮਾਨ ਕਾਰਨ ਟ੍ਰੈਫਿਕ ਆਵਾਜ਼ਾਈ ਵਿਚ ਵਿਘਨ ਪੈ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ 'ਤੇ ਅਮਲ ਕੀਤਾ ਜਾਵੇ, ਕਿਉਂਕਿ ਜੇਕਰ ਕੋਈ ਸੁਧਾਰ ਨਜ਼ਰ ਨਾ ਆਇਆ ਤਾਂ ਭਵਿੱਖ ਵਿਚ ਨਗਰ ਪੰਚਾਇਤ ਇਸ ਸਬੰਧੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। 
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਇਸ ਵੇਲੇ ਸਵੱਛ ਭਾਰਤ ਅਭਿਆਨ ਚੱਲ ਰਿਹਾ ਹੈ, ਜਿਸ ਲਈ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਵੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਬਹੁਤ ਜਲਦ ਸ਼ਹਿਰ ਵਿਚ ਚੋਣਵੀਆਂ ਥਾਵਾਂ 'ਤੇ ਡਸਟਬਿਨ ਵੀ ਰੱਖਵਾਏ ਜਾ ਰਹੇ ਹਨ।