ਵਪਾਰੀ ਵਲੋਂ ਐਮਾਜ਼ੋਨ ''ਤੇ ਕਰੋੜਾਂ ਰੁਪਏ ਠੱਗੀ ਮਾਰਨ ਦਾ ਦੋਸ਼

01/22/2020 6:36:03 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਇਕ ਵਪਾਰੀ ਨੇ ਐਮਾਜ਼ੋਨ (ਯੂ. ਐੱਸ. ਏ.) ਆਨਲਾਈਨ ਕੰਪਨੀ 'ਤੇ ਉਸ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਇਲਜ਼ਾਮ ਲਾਇਆ ਹੈ। ਵਪਾਰੀ ਨਰਿੰਦਰ ਚੁੱਘ ਨੇ ਦੱਸਿਆ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਉਸ ਵੱਲੋਂ ਲੁਧਿਆਣਾ ਦੀ ਫੈਕਟਰੀ 'ਚ ਤਿਆਰ ਕੀਤੇ ਜਾਣ ਵਾਲੇ ਗਾਰਮੈਂਟ ਦੀ ਐਗਜ਼ੀਬਿਸ਼ਨ ਲਾਈ ਸੀ ਜਿਸ ਦੌਰਾਨ ਐਮਾਜ਼ੋਨ ਦੇ ਅਧਿਕਾਰੀ ਖੁਦ ਉਨ੍ਹਾਂ ਦੇ ਸਟਾਲ 'ਤੇ ਆਏ ਅਤੇ ਉਨ੍ਹਾਂ ਨਾਲ ਇਹ ਬਿਜ਼ਨੈੱਸ ਕਰਨ ਦਾ ਕਰਾਰ ਕੀਤਾ ਅਤੇ ਫਿਰ ਉਨ੍ਹਾਂ ਨਾਲ 1 ਕਰੋੜ 91 ਲੱਖ ਰੁਪਏ ਦੀ ਠੱਗੀ ਮਾਰੀ। ਪੀੜਤ ਵਪਾਰੀ ਨਰਿੰਦਰ ਨੇ ਦੱਸਿਆ ਕਿ ਐਮਾਜ਼ੋਨ ਦੇ ਅਧਿਕਾਰੀਆਂ ਨੇ ਉਸ ਨੂੰ ਲਾਲਚ ਦਿੱਤਾ ਕਿ ਉਸ ਦੇ ਕੱਪੜੇ ਚੰਗੀ ਕੁਆਲਿਟੀ ਦੇ ਹਨ ਅਤੇ ਅਮਰੀਕਾ ਵਿਚ ਉਨ੍ਹਾਂ ਦੀ ਕਾਫੀ ਡਿਮਾਂਡ ਹੈ, ਇਸ ਕਰਕੇ ਅਮਰੀਕਾ ਵਿਚ ਚੱਲਣ ਵਾਲੇ ਐਮਾਜ਼ੋਨ 'ਤੇ ਉਹ ਉਸ ਦੇ ਕੱਪੜਿਆਂ ਦੀ ਸੇਲ ਕਰਨਗੇ ਅਤੇ ਉਸ ਨੂੰ 45 ਫੀਸਦੀ ਮੁਨਾਫ਼ਾ ਦੇਣਗੇ ਜਦ ਕਿ ਉਸ ਤੋਂ ਕਰੋੜਾਂ ਰੁਪਿਆਂ ਦਾ ਸਾਮਾਨ ਲੈ ਲਿਆ ਗਿਆ ਅਤੇ ਫਿਰ ਨਾ ਤਾਂ ਸਾਮਾਨ ਵੇਚਿਆ ਗਿਆ ਅਤੇ ਜੋ ਸਾਮਾਨ ਭੇਜਣ 'ਤੇ ਖਰਚਾ ਆਇਆ ਉਹ ਵੀ ਉਸ ਦੇ ਸਿਰ ਪਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਰ ਮਹੀਨੇ ਉਸ ਦੇ ਅਕਾਊਂਟ 'ਚੋਂ ਡਾਲਰ ਕੱਟੇ ਜਾ ਰਹੇ ਹਨ ਅਤੇ ਇਸ ਮਹੀਨੇ 6000 ਡਾਲਰ ਖਰਚਾ ਪਾ ਕੇ ਉਸ ਦੇ ਅਕਾਊਂਟ 'ਚੋਂ ਕੱਟ ਲਏ ਗਏ ਜਿਸ ਕਾਰਨ ਉਸ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਮਾਨ ਅਤੇ ਉਸ ਦੀ ਓਵਰਆਲ ਕਾਸਟ ਲਾ ਕੇ 1.91 ਕਰੋੜ ਰੁਪਏ ਦੀ ਠੱਗੀ ਉਸ ਨਾਲ ਵੱਜ ਚੁੱਕੀ ਹੈ ਜਿਸ ਦੀ ਸ਼ਿਕਾਇਤ ਉਸ ਵੱਲੋਂ ਲੁਧਿਆਣਾ ਪੁਲਸ ਕਮਿਸ਼ਨਰ ਕੋਲ ਦਰਜ ਕਰਵਾਈ ਗਈ ਹੈ।

Gurminder Singh

This news is Content Editor Gurminder Singh