ਟਰੈਕਟਰ ਪਲਟਣ ਨਾਲ ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ ''ਚ ਨਾਨੀ ਨੇ ਵੀ ਤੋੜਿਆ ਦਮ

04/18/2019 6:30:39 PM

ਪੀਲੀਭੀਤ— ਕਣਕ ਦੀ ਵਾਢੀ ਕਰਵਾਉਣ ਆਪਣੇ ਨਾਨਕੇ ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਦੋਹਤੇ ਦੀ ਮੌਤ ਨਾਲ ਨਾਨੀ ਕਰਤਾਰ ਕੌਰ ਨੂੰ ਡੂੰਘਾ ਸਦਮਾ ਲੱਗਾ ਤੇ ਕੁਝ ਵੀ ਦੇਰ ਬਾਅਦ ਨਾਨੀ ਨੇ ਵੀ ਦਮ ਤੋੜ ਦਿੱਤਾ। ਕਰਤਾਰ ਕੌਰ ਦਾ ਪਿੰਡ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹਰਜੀਤ ਸਿੰਘ ਪੰਜਾਬ ਦੀ ਹਾਕੀ ਟੀਮ ਦਾ ਖਿਡਾਰੀ ਵੀ ਸੀ ਤੇ ਲਖਨਊ ਖੇਡਣ ਆਉਂਦਾ ਸੀ।

ਟਰੈਕਟਰ ਹੇਠਾਂ ਦੱਬਣ ਨਾਲ ਹੋਈ ਮੌਤ
ਪਿੰਡ ਗਦੀਹਰ ਵਾਸੀ 93 ਸਾਲਾ ਕਰਤਾਰ ਕੌਰ ਦੇ ਘਰ ਮੰਗਲਵਾਰ ਸਵੇਰੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਉਨ੍ਹਾਂ ਦਾ ਦੋਹਤਾ ਹਰਜੀਤ ਸਿੰਘ (34) ਆਇਆ ਸੀ। ਸ਼ਾਮ ਨੂੰ ਘਰ ਕੋਲ ਖੇਤਾਂ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਚੱਲ ਰਹੀ ਸੀ। ਇਸ ਦੌਰਾਨ ਹਰਜੀਤ ਜਦੋਂ ਟਰਾਲੀ 'ਚ ਕਣਕ ਭਰ ਕੇ ਘਰ ਜਾਣ ਲੱਗਾ ਤਾਂ ਅਚਾਨਕ ਉੱਚੇ ਸਥਾਨ 'ਤੇ ਟਰਾਲੀ ਚੜ੍ਹਾਉਂਦੇ ਸਮੇਂ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਉਹ ਹੇਠਾਂ ਦੱਬ ਗਿਆ।

ਨਾਨੀ ਨੂੰ ਪਿਆ ਦਿਲ ਦਾ ਦੌਰਾ
ਹਰਜੀਤ ਨੂੰ ਖਾਸੀ ਮੁਸ਼ਕਲ ਨਾਲ ਟਰੈਕਟਰ ਹੇਠੋਂ ਕੱਢਿਆ ਗਿਆ ਤੇ ਪੂਰਨਪੁਰ ਦੇ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਜੀਤ ਦੀ ਨਾਨੀ ਬੇਹੋਸ਼ ਹੋ ਡਿੱਗ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਸ ਨੇ ਹਰਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

2 ਭੈਣਾਂ ਦਾ ਇਕਲੌਤਾ ਭਰਾ ਸੀ ਹਰਜੀਤ
ਹਰਜੀਤ ਨੇ 10 ਸਾਲ ਪਹਿਲਾਂ ਆਪਣੇ ਨਾਨਕੇ 8 ਏਕੜ ਜ਼ਮੀਨ ਖਰੀਦੀ ਸੀ ਤੇ ਖੇਤੀ ਕਰਦਾ ਸੀ। ਮੰਗਲਵਾਰ ਨੂੰ ਕਣਕ ਦੀ ਵਾਢੀ ਕਰਨ ਗਏ ਹਰਜੀਤ ਨਾਲ ਹਾਦਸਾ ਵਾਪਰ ਗਿਆ। ਦੋ ਭੈਣਾਂ ਦਾ ਇਕੱਲਾ ਭਰਾ ਹਰਜੀਤ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਧੀ ਤੇ ਪੰਜ ਸਾਲ ਦਾ ਪੁੱਤਰ ਛੱਡ ਗਿਆ ਹੈ।

DIsha

This news is Content Editor DIsha