ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਕਸਬਾ ਨਡਾਲਾ

03/11/2018 12:04:47 PM

ਨਡਾਲਾ (ਸ਼ਰਮਾ)— ਇਤਿਹਾਸਕ ਕਸਬਾ ਨਡਾਲਾ ਪਿਛਲੇ ਕਾਫੀ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਲਾਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਕਾਫੀ ਅਰਸੇ ਤੋਂ ਲਟਕ ਰਹੀਆਂ ਹਨ। ਇਲਾਕਾ ਨਿਵਾਸੀਆਂ ਦੀ ਸਭ ਤੋਂ ਪਹਿਲੀ ਸਮੱਸਿਆ ਸਿਹਤ ਸੇਵਾਵਾਂ ਨਾਲ ਜੁੜੀ ਹੋਈ ਹੈ, ਜਿੱਥੇ ਪੇਂਡੂ ਸਿਹਤ ਕੇਂਦਰ 'ਤੇ ਤਾਲਾ ਲੱਗਾ ਹੋਣ ਕਾਰਨ ਆਲੇ ਦੁਆਲੇ ਦੇ ਗਰੀਬ ਲੋਕਾਂ ਨੂੰ ਇਲਾਜ ਕਰਾਉਣ 'ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਕਿ ਕਰੀਬ ਤਿੰਨ ਸਾਲ ਪਹਿਲਾ ਕਸਬੇ 'ਚ ਨਗਰ ਪੰਚਾਇੰਤ ਦੇ ਗਠਨ ਹੋਣ ਨਾਲ ਸਿਹਤ ਕੇਂਦਰ ਨੂੰ ਇਥੋਂ 5 ਕਿਲੋਮੀਟਰ ਦੂਰ ਪੈਂਦੇ ਪਿੰਡ ਲੱਖਣ ਕੇ ਪੱਡਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। 12 ਹਜ਼ਾਰ ਦੀ ਆਬਾਦੀ ਵਾਲਾ ਕਸਬਾ ਨਡਾਲਾ ਅਤੇ ਕਰੀਬ ਡੇਢ ਦਰਜਨ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਲਈ ਇਸ ਸਿਹਤ ਕੇਂਦਰ 'ਤੇ ਨਿਰਭਰ ਕਰਦੇ ਸਨ। ਇਸ ਤੋਂ ਇਲਾਵਾ ਕਸਬੇ 'ਚ ਬੱਸ ਸਟੈਂਡ ਹੋਣ ਦੇ ਬਾਵਜੂਦ ਵੀ ਉਥੇ ਬੱਸਾਂ ਦਾ ਰੁਕਣਾ ਯਕੀਨੀ ਨਹੀਂ ਬਣਾਇਆ ਗਿਆ। ਬੱਸਾਂ ਬੱਸ ਸਟੈਂਡ 'ਤੇ ਰੁਕਣ ਦੀ ਬਜਾਏ ਆਪਣੀ ਹੀ ਨਿਰਧਾਰਿਤ ਕੀਤੀ ਜਗ੍ਹਾ 'ਤੇ ਰੁਕਦੀਆਂ ਹਨ, ਜਿਸ ਕਾਰਨ ਸਵਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਗੱਲ ਕਰੀਏ ਗੰਦੇ ਪਾਣੀ ਦੀ ਨਿਕਾਸੀ ਦੀ ਅਤੇ ਉਸ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ।


ਸੀਵਰੇਜ ਦਾ ਤਾਂ ਅਜੇ ਜ਼ਿਕਰ ਤਕ ਨਹੀਂ ਹੈ। ਸੰਘਣੀ ਆਬਾਦੀ ਦੇ ਐਨ ਵਿਚਕਾਰ ਵਾਰਡ ਨੰ. 1 ਵਾਲਾ ਛੱਪੜ ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾ ਰਿਹਾ ਹੈ, ਜਿਸ ਵਿਚ ਕਈ ਤਰ੍ਹਾਂ ਦੇ ਭਿਆਨਕ ਜੀਵ ਜੰਤੂ ਅਤੇ ਮੱਛਰਾਂ ਦਾ ਡੇਰਾ ਹੈ, ਜਿਸ ਤੋਂ ਕਈ ਭਿਆਨਕ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਸਬੇ ਵਿਚ ਵੀ ਵੱਖ-ਵੱਖ ਥਾਵਾਂ 'ਤੇ ਖੁਲ੍ਹੇ ਗੰਦੇ ਤੇ ਬੁਦਬੂਦਾਰ ਪਾਣੀ ਦੇ ਛੱਪੜ ਹਨ।   


ਨਡਾਲਾ-ਨਿਹਾਲਗੜ੍ਹ ਸੜਕ ਦਾ ਕੱਚਾ ਟੋਟਾ 16 ਵਰ੍ਹਿਆਂ ਤੋਂ ਵਹਾਅ ਰਿਹੈ ਆਪਣੀ ਹਾਲਤ 'ਤੇ ਹੰਝੂ
ਕਹਿੰਦੇ ਹਨ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਨਡਾਲਾ-ਨਿਹਾਲਗੜ੍ਹ ਸੜਕ ਨੂੰ ਪੱਕੀ ਕਰਨ ਨੂੰ ਰੱਖੇ ਗਏ ਨੀਂਹ ਪੱਥਰ ਨੂੰ 16 ਵਰ੍ਹੇ ਬੀਤ ਗਏ ਹਨ। ਪੱਕੀ ਸੜਕ ਦਾ ਮੂੰਹ ਦੇਖਣ ਲਈ ਲੋਕ ਤਰਸ ਗਏ ਹਨ, ਲੋਕਾਂ ਦੀਆਂ ਉਮੀਦਾਂ ਨੂੰ ਕਦ ਫਲ ਲੱਗੇਗਾ ਅਜੇ ਕੋਈ ਪਤਾ ਨਹੀਂ।  ਇਸ ਸੜਕ ਦਾ ਨੀਂਹ ਪੱਥਰ ਅਕਾਲੀ ਸਰਕਾਰ ਦੇ ਆਖਰੀ ਵਰ੍ਹੇ 2001 ਵਿਚ ਬੀਬੀ ਜਗੀਰ ਕੌਰ ਨੇ ਰੱਖਿਆ ਸੀ । 2002 ਵਿਚ ਕਾਂਗਰਸ ਸਰਕਾਰ ਬਣਨ 'ਤੇ ਹਲਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਦੇ ਰੱਖੇ ਨੀਂਹ ਪੱਥਰ ਨੂੰ ਅਣਗੌਲਿਆਂ ਹੀ ਰੱਖਿਆ, 2007 ਵਿਚ ਫਿਰ ਅਕਾਲੀ ਸੱਤਾ 'ਚ ਆ ਗਏ ਪਰ ਬੀਬੀ ਜਗੀਰ ਕੌਰ ਚੋਣ ਹਾਰ ਗਏ ਅਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਬਣ ਗਏ ਪਰ ਇਸ ਸੜਕ ਨਾਲ ਵਿਤਕਰਾ ਜਾਰੀ ਰਿਹਾ ਜੋ 2012 ਵਿਚ ਅਕਾਲੀ ਸਰਕਾਰ ਦੁਹਰਾਉਣ 'ਤੇ ਵੀ ਜਾਰੀ ਰਿਹਾ। ਆਲਮ ਇਹ ਹੈ ਕਿ ਹੁਣ ਕਾਂਗਰਸ ਦੀ ਸਰਕਾਰ ਹੈ, ਸੁਖਪਾਲ ਸਿੰਘ ਖਹਿਰਾ ਆਪ ਦੇ ਵਿਧਾਇਕ ਹਨ, ਇਸ ਸੜਕ ਦੇ ਲਗਨ ਫਿਰ ਠੰਡੇ ਦੇ ਠੰਡੇ ਹੀ ਹਨ। ਇਸ ਸੜਕ 'ਤੇ ਦਿਨ ਭਰ ਆਵਾਜਾਈ ਰਹਿੰਦੀ ਹੈ। ਅਨੇਕਾਂ ਲੋਕ ਕੰਮ ਕਾਜ ਲਈ ਨਡਾਲੇ ਆਉਂਦੇ ਹਨ  ਵੱਡੀ ਤਾਦਾਦ ਵਿਚ ਵਿਦਿਆਰਥੀ ਨਿਹਾਲਗੜ੍ਹ ਤੋਂ ਨਡਾਲੇ ਪੜ੍ਹਨ ਆਉਂਦੇ ਹਨ, ਇਸ ਤੋਂ ਇਲਾਵਾ ਅਨੇਕਾਂ ਕਿਸਾਨ ਡੇਰਿਆਂ 'ਤੇ ਵੱਸੇ ਹੋਏ ਹਨ ਪਰ ਰਸਤਾ ਕੱਚਾ ਹੋਣ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤੀ ਦਿਨਾਂ ਵਿਚ ਸੜਕ ਦੇ ਹਾਲਾਤ ਹੋਰ ਬਦਤਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਲਾਕੇ ਵਿਚ ਕੋਈ ਇੰਡਸਟਰੀ ਵੀ ਨਹੀਂ ਹੈ, ਜਿਸ ਕਾਰਨ ਕਈ ਬੇਰੁਜ਼ਗਾਰ ਨੌਜਵਾਨ ਮਜਬੂਰਨ ਰੋਜ਼ੀ-ਰੋਟੀ ਲਈ ਵਿਦੇਸ਼ ਵੱਲ ਕੂਚ ਕਰ ਕਰ ਰਹੇ ਹਨ। ਸੋ ਸਰਕਾਰ ਨੂੰ ਇਸ ਵਿਸ਼ੇ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ। ਇਸ ਸਬੰਧੀ ਸਮੂਹ ਨਡਾਲਾ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ  ਕੀਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।