ਜਾਣੋ ਯਾਤਰੀ ਟਰਮੀਨਲ ਦੀਆਂ ਕੁਝ ਵਿਸ਼ੇਸ਼ਤਾਵਾਂ

11/10/2019 3:18:25 PM

ਜਲੰਧਰ /ਕਰਤਾਰਪੁਰ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਸੰਗਤਾਂ ਦੀ ਦਹਾਕਿਆਂ ਦੀ ਉਡੀਕ ਉਸ ਵੇਲੇ ਮੁੱਕ ਗਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦਾ ਉਦਘਾਟਵਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਲਾਂਘੇ ਦੇ ਸਬੰਧ 'ਚ ਭਾਰਤ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਸਨਮਾਨ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵੀ ਧੰਨਵਾਦ ਕੀਤਾ।
ਸਿੱਖ ਧਰਮ ਦੇ ਚਿੰਨ੍ਹ 'ਖੰਡਾ' ਤੋਂ ਲਈ ਗਈ ਹੈ ਅਤਿ ਆਧੁਨਿਕ ਯਾਤਰੀ ਟਰਮੀਨਲ ਦੇ ਡਿਜ਼ਾਈਨ ਦੀ ਪ੍ਰੇਰਣਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਸੰਨੀ ਦਿਓਲ , ਸ਼ਵੇਤ ਮਲਿਕ ਆਦਿ ਮੌਜੂਦ ਸਨ। ਕਰਤਾਰਪੁਰ ਸਾਹਿਬ ਲੱਗੇ ਯਾਤਰੀ ਟਰਮੀਨਲ 'ਚ ਸ਼ਰਧਾਲੂਆਂ ਨੂੰ ਬਹੁਤ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ, ਤੁਸੀਂ ਵੀ ਜਾਣੋ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ-

* 15 ਏਕੜ 'ਚ ਫੈਲਿਆ ਹੈ ਯਾਤਰੀ ਟਰਮੀਨਲ।
* ਹਵਾਈ ਅੱਡੇ ਨਾਲ ਲੈਸ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ ਟਰਮੀਨਲ ਦੀ ਇਮਾਰਤ।
* ਇਮੀਗ੍ਰੇਸ਼ਨ ਲਈ ਬਣਾਏ ਗਏ ਹਨ 50 ਤੋਂ ਵੱਧ ਕਾਊਂਟਰ।
* ਇਕ ਦਿਨ 'ਚ ਦਿੱਤੀ ਜਾ ਸਕਦੀ ਹੈ 5000 ਸ਼ਰਧਾਲੂਆਂ ਨੂੰ ਸਹੂਲਤ।
* ਟਰਮੀਨਲ ਵਿਚ ਹਨ ਦੁਕਾਨਾਂ, ਟਾਇਲਟਸ, ਮੁਢਲੀ ਸਹਾਇਤਾ ਤੇ ਪ੍ਰਾਰਥਨਾ ਗ੍ਰਹਿ ਵਰਗੀਆਂ ਸਾਰੀਆਂ ਸਹੂਲਤਾਂ।* 12 ਨੂੰ 500 ਤੋਂ ਵੱਧ ਭਾਰਤੀ ਤੀਰਥ ਯਾਤਰੀਆਂ ਦੇ ਜਥੇ ਨੂੰ ਕਰਨਗੇ ਰਵਾਨਾ।
* ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਜਿਥੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ, ਵੱਲ ਜਾਣ ਵਾਲੇ 500 ਤੋਂ ਵੱਧ ਭਾਰਤੀ ਤੀਰਥ ਯਾਤਰੀਆਂ ਦੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਲਾਂਘੇ ਨਾਲ ਵਧੀਆ ਹੋਣਗੇ ਭਾਰਤ-ਪਾਕਿ ਦੇ ਸਬੰਧ : ਡਾ. ਮਨਮੋਹਨ ਸਿੰਘ
ਸ੍ਰੀ ਕਰਤਾਰਪੁਰ ਸਾਹਿਬ (ਏਜੰਸੀਆਂ)- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੁਲ੍ਹਣ ਨਾਲ ਭਾਰਤ-ਪਾਕਿਸਤਾਨ ਦਰਮਿਆਨ ਸਬੰਧਾਂ 'ਚ ਕਾਫੀ ਸੁਧਾਰ ਹੋਵੇਗਾ। ਇਹ ਗੱਲ ਪਹਿਲੇ ਜਥੇ ਨਾਲ ਇਥੇ ਪਹੁੰਚੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤੀ ਸਿੱਖ ਤੀਰਥ ਯਾਤਰੀਆਂ ਦੇ ਵੀਜ਼ਾ ਮੁਕਤ ਦਾਖਲੇ ਦੀ ਸਹੂਲਤ ਲਈ ਇਤਿਹਾਸਕ ਲਾਂਘੇ ਦਾ ਸ਼ਨੀਵਾਰ ਨੂੰ ਰਸਮੀ ਉਦਘਾਟਨ ਕੀਤਾ। ਉਨ੍ਹਾਂ ਨੇ ਭਾਰਤੀ ਤੀਰਥ ਸਿੱਖ ਯਾਤਰੀਆਂ ਦੇ ਪਹਿਲੇ ਜਥੇ ਦਾ ਸਵਾਗਤ ਕੀਤਾ ਜੋ ਪਾਕਿਸਤਾਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਲਾਂਘੇ ਰਾਹੀਂ ਆਇਆ। ਮਨਮੋਹਨ ਸਿੰਘ ਨੇ ਲਾਂਘੇ ਦੇ ਉਦਘਾਟਨ ਨੂੰ ਬੜੇ ਸੁਭਾਗੇ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਇਸ ਸ਼ੁਰੂਆਤ ਦੇ ਨਤੀਜੇ ਵਜੋਂ ਕਾਫੀ ਹੱਦ ਤਕ ਸੁਧਰਨਗੇ।

Anuradha

This news is Content Editor Anuradha