ਕਾਂਗਰਸ ਦੇ ਸਿਰਕੱਢ ਆਗੂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ

12/28/2019 10:36:09 PM

ਜਲੰਧਰ, (ਧਵਨ)— ਦਿੱਲੀ 'ਚ 15 ਸਾਲ ਲਗਾਤਾਰ ਹਕੂਮਤ ਕਰਨ ਵਾਲੀ ਕਾਂਗਰਸ ਵੱਲੋਂ ਹੁਣ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਸਿਰਕੱਢ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ। ਕਾਂਗਰਸ ਇਸ ਵਾਰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ 10 ਜਨਵਰੀ ਨੂੰ ਜਾਰੀ ਕਰ ਸਕਦੀ ਹੈ। ਕਾਂਗਰਸ ਨੇ ਦਿੱਲੀ 'ਚ 25 ਅਜਿਹੇ ਵਿਧਾਨ ਸਭਾ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਉਹ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਸਕਦੀ ਹੈ। ਦਿੱਲੀ 'ਚ ਫਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਕਰਾਉਣ ਦੀ ਤਜਵੀਜ਼ ਹੈ ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਸਾਬਕਾ ਮੰਤਰੀਆਂ ਹਾਰੂਨ ਯੂਸਫ਼, ਅਰਵਿੰਦਰ ਲਵਲੀ, ਅਜੈ ਮਾਕਨ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦਾ ਨਾਂ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਸ਼ਾਮਿਲ ਹੋ ਸਕਦਾ ਹੈ। 2015 ਦੀਆਂ ਚੋਣਾਂ 'ਚ ਕਾਂਗਰਸ ਨੇ ਇਕ ਵੀ ਸੀਟ ਨਹੀਂ ਜਿੱਤੀ ਸੀ ਪਰ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ 8 ਸੀਟਾਂ ਜਿੱਤਣ 'ਚ ਸਫਲ ਹੋ ਗਈ ਸੀ। ਪਾਰਟੀ ਹੁਣ ਪਿਛਲੀਆਂ ਚੋਣਾਂ 'ਚ ਜਿੱਤੇ ਸਭਨਾਂ ਉਮੀਦਵਾਰਾਂ ਨੂੰ ਮੁੜ ਚੋਣ ਮੈਦਾਨ 'ਚ ਉਤਾਰੇਗੀ।
ਸੂਤਰਾਂ ਅਨੁਸਾਰ ਪਾਰਟੀ ਵੱਲੋਂ ਹਾਰੂਨ ਯੂਸਫ਼ ਨੂੰ ਬਾਲੀਮਾਰਨ, ਦਵਿੰਦਰ ਯਾਦਵ ਨੂੰ ਬਾਦਲੀ , ਅਰਵਿੰਦਰ ਲਵਲੀ ਨੂੰ ਗਾਂਧੀ ਨਗਰ, ਹਸਨ ਅਹਿਮਦ ਨੂੰ ਮੁਸਤਫ਼ਾਬਾਦ, ਆਸਿਫ਼ ਮੁਹੰਮਦ ਖ਼ਾਨ ਨੂੰ ਓਖਲਾ, ਐੱਮ. ਅਹਿਮਦ ਨੂੰ ਸਲੀਮਪੁਰ ਅਤੇ ਜੈ ਕਿਸ਼ਨ ਨੂੰ ਸੁਲਤਾਨਪੁਰ ਮਾਜਰਾ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਚਾਂਦਨੀ ਚੌਕ ਵਿਧਾਨ ਸਭਾ ਸੀਟ ਬਾਰੇ ਫ਼ੈਸਲਾ ਅਜੇ ਹੋਣਾ ਬਾਕੀ ਹੈ। ਹਾਲ ਹੀ 'ਚ ਕਾਂਗਰਸ 'ਚ ਸ਼ਾਮਿਲ ਹੋਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਚਾਂਦਨੀ ਚੌਕ ਤੋਂ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਚਰਚਾ ਚੱਲ ਰਹੀ ਹੈ। ਇਸੇ ਤਰ੍ਹਾਂ, ਸ਼ੋਏਬ ਇਕਬਾਲ, ਜਿਸ ਨੇ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਜਿੱਤੀ ਸੀ, ਨੂੰ ਕਾਂਗਰਸ ਚੋਣ ਮੈਦਾਨ 'ਚ ਉਤਾਰ ਸਕਦੀ ਹੈ।
ਕਾਂਗਰਸੀ ਹਲਕਿਆਂ ਅਨੁਸਾਰ ਪਾਰਟੀ ਨੇ ਆਪਣੀ ਪਹਿਲੀ ਸੂਚੀ 'ਚ ਸ਼ਾਮਿਲ ਕੀਤੇ ਜਾ ਰਹੇ ਨਾਵਾਂ ਬਾਰੇ ਕਾਫੀ ਮੁਲਾਂਕਣ ਕਰਵਾਇਆ ਹੈ। ਇਸ ਮੁਲਾਂਕਣ 'ਚ ਪਾਰਟੀ ਲੀਡਰਸ਼ਿਪ ਨੂੰ ਇਹ ਲੱਗਿਆ ਹੈ ਕਿ ਉਪਰੋਕਤ ਸਿਰਕੱਢ ਆਗੂ ਸਬੰਧਤ ਵਿਧਾਨ ਸਭਾ ਹਲਕਿਆਂ 'ਚ ਚੋਣਾਂ ਜਿੱਤਣ ਦੀ ਸਥਿਤੀ 'ਚ ਆ ਸਕਦੇ ਹਨ। ਇਸ ਤਰ੍ਹਾਂ ਕਾਂਗਰਸ ਲੀਡਰਸ਼ਿਪ ਨੇ ਆਪਣੀ ਦੂਜੀ ਸੂਚੀ 'ਚ ਉਨ੍ਹਾਂ ਸਿਰਕੱਢ ਆਗੂਆਂ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਬਾਰੇ ਮੁਲਾਂਕਣ ਰਿਪੋਰਟਾਂ ਬੇਹਤਰ ਸਨ ਅਤੇ ਇਹ ਉਮੀਦਵਾਰ ਵੀ ਮੁਕਾਬਲੇ ਦੀ ਸਥਿਤੀ 'ਚ ਮੰਨੇ ਜਾ ਰਹੇ ਹਨ।
 

KamalJeet Singh

This news is Content Editor KamalJeet Singh