ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

03/29/2023 8:55:18 PM

ਜਲੰਧਰ : ਪੁਲਸ ਦੀ ਗ੍ਰਿਫ਼ਤ ’ਚੋਂ ਲਗਾਤਾਰ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੇ ਅੱਜ ਜਾਰੀ ਕੀਤੀ ਵੀਡੀਓ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ। ਉਥੇ ਹੀ ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ’ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...

ਆਖਿਰ ਸਾਹਮਣੇ ਆਇਆ ਅੰਮ੍ਰਿਤਪਾਲ ਸਿੰਘ, ਜਥੇਦਾਰ ਨੂੰ ਕੀਤੀ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ
ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਲਗਾਤਾਰ ਫਰਾਰ ਚੱਲ ਰਿਹਾ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਵਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ।

ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਹੋਇਆ ਐਲਾਨ
ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ’ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਚੋਣ ਕਮਿਸ਼ਨ ਵਲੋਂ ਕੀਤੇ ਗਏ ਐਲਾਨ ਮੁਤਾਬਕ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਵੇਗੀ। ਇਸ ਜ਼ਿਮਨੀ ਚੋਣ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।

ਅੰਮ੍ਰਿਤਪਾਲ ਦੇ ਸਾਥੀ ਨੂੰ ਫੜ੍ਹਨ ਲਈ ਲੁਧਿਆਣਾ ਚਾਰੇ ਪਾਸਿਓਂ ਸੀਲ, ਹਾਈਵੇਅ 'ਤੇ ਲੱਗੇ ਹਾਈਟੈੱਕ ਨਾਕੇ
'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ 'ਚ ਪੰਜਾਬ ਪੁਲਸ ਲੱਗੀ ਹੋਈ ਹੈ। ਇਸੇ ਦਰਮਿਆਨ ਪੰਜਾਬ ਪੁਲਸ ਨੂੰ ਇਨਪੁੱਟ ਮਿਲਿਆ ਕਿ ਅੰਮ੍ਰਿਤਪਾਲ ਸਿੰਘ ਦੇ ਇਕ ਕਰੀਬੀ ਸਾਥੀ ਜ਼ੋਰਾ ਸਿੰਘ ਨੂੰ ਸਾਹਨੇਵਾਲ ਦੇਖਿਆ ਗਿਆ ਹੈ।

CM ਮਾਨ ਨੇ ਨਵੇਂ ਨਿਯੁਕਤ ਕਲਰਕਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ-ਰੁਜ਼ਗਾਰ ਦੇਣਾ ਪਹਿਲਾ ਟੀਚਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ ਹੋਣ ਵਾਲੇ ਕਲਰਕਾਂ ਨੂੰ ਵਧਾਈ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ SSP ਜਲੰਧਰ ਦਿਹਾਤੀ ਸਣੇ ਵੱਡੇ ਪੱਧਰ 'ਤੇ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਪੁਲਸ ਪ੍ਰਸ਼ਾਸਨ ਵਿਚ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ 1 ਆਈ. ਪੀ. ਐੱਸ. ਸਮੇਤ 8 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰਨ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ
 ਲੁਧਿਆਣਾ ਦੀ ਇਕ ਅਦਾਲਤ ਨੇ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਕੇ ਉਸ ਦਾ ਕਤਲ ਕੀਤੇ ਜਾਣ ਦੇ ਦੋਸ਼ 'ਚ 2 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਦੋਸ਼ੀ ਵਿਨੋਦ ਸ਼ਾਹ ਵਾਸੀ ਦੋਰਾਹਾ ਅਤੇ ਰਿਹੋਤ ਕੁਮਾਰ ਸ਼ਰਮਾ ਵਾਸੀ ਦੋਰਾਹਾ ਹਨ।

ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ
ਪੰਜਾਬੀ ਗਾਇਕ ਬੱਬੂ ਮਾਨ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ 'ਚ ਗਾਇਕ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਕਿਉਂ ਬੰਦ ਕੀਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਅੰਮ੍ਰਿਤਪਾਲ ਮਾਮਲੇ ’ਚ ਪੰਜਾਬ ਸਰਕਾਰ ਨੇ ਹਾਈਕੋਰਟ ’ਚ ਦਾਖਲ ਕੀਤਾ ਹਲਫ਼ਨਾਮਾ
ਅੰਮ੍ਰਿਤਪਾਲ ਦੇ ਮਾਮਲੇ ਵਿਚ ਪੰਜਾਬ ਹਰਿਆਣਾ ਹਾਈਕੋਰਟ ’ਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਲਫ਼ਨਾਮਾ ਦਾਖਲ ਕਰ ਦਿੱਤਾ ਹੈ। ਜਦਕਿ ਅੰਮ੍ਰਿਤਪਾਲ ਦਾ ਵਕੀਲ ਆਪਣਾ ਜਵਾਬ ਦਾਖਲ ਨਹੀਂ ਕਰ ਸਕਿਆ ਹੈ ਅਤੇ ਜਵਾਬ ਦਾਖਲ ਕਰਨ ਲਈ ਹੋਰ ਸਮਾਂ ਮੰਗਿਆ ਹੈ।

ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ
ਦੇਸ਼ 'ਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਆਮ ਆਦਮੀ ਮਹਿੰਗਾਈ ਦੇ ਬੋਝ ਤੋਂ ਪ੍ਰੇਸ਼ਾਨ ਹੈ। ਹੁਣ ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਦਰਅਸਲ ਅਪ੍ਰੈਲ ਤੋਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ।

ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, 24 ਘੰਟਿਆਂ 'ਚ 2,151 ਨਵੇਂ ਮਾਮਲੇ ਆਏ ਸਾਹਮਣੇ
ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਸੰਕਰਮਣ ਦੇ 2,151 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,47,09,676 ਹੋ ਗਈ ਹੈ। ਪਿਛਲੇ 5 ਮਹੀਨਿਆਂ 'ਚ ਸਾਹਮਣੇ ਆਏ ਇਹ ਸਭ ਤੋਂ ਵੱਧ ਰੋਜ਼ਾਨਾ ਮਾਮਲੇ ਹਨ।

UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਇਕ ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਯੂ.ਪੀ.ਆਈ. ਨਾਲ ਪੇਮੈਂਟ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਯੂ.ਪੀ.ਆਈ. ਨਾਲ ਪੇਮੈਂਟ ਕਰਨ 'ਤੇ ਤੁਹਾਨੂੰ ਚਾਰਜ ਦੇਣਾ ਹੋਵੇਗਾ ਭਾਵ 1 ਅਪ੍ਰੈਲ ਤੋਂ ਜੀਪੇ (GPay), ਫੋਨਪੇਅ, ਪੇਟੀਐੱਮ ਐਪ ਨਾਲ ਪੇਮੈਂਟ ਕਰਨ 'ਤੇ ਚਾਰਜ ਦੇਣਾ ਪੈ ਸਕਦਾ ਹੈ।

ਖ਼ੁਸ਼ਖ਼ਬਰੀ! ਕੈਨੇਡਾ ਇਸ ਸਾਲ 14000 ਪ੍ਰਵਾਸੀਆਂ ਨੂੰ ਦੇਵੇਗਾ PR, 10 ਦਿਨਾਂ 'ਚ ਕੱਢੇ 2 ਐਕਸਪ੍ਰੈਸ ਐਂਟਰੀ ਡਰਾਅ
ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 23 ਮਾਰਚ 2023 ਨੂੰ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾਅ ਆਯੋਜਿਤ ਕੀਤਾ, ਜਿਸ ਵਿੱਚ ਰਿਕਾਰਡ ਤੋੜ 7,000 ਉਮੀਦਵਾਰਾਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ (PR) ਲਈ ਅਪਲਾਈ ਕਰਨ ਦਾ ਸੱਦਾ ਦਿੱਤਾ।

Mukesh

This news is Content Editor Mukesh