ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਦੀ ਕਾਰਵਾਈ, ਪੜ੍ਹੋ Top 10

10/07/2022 9:57:34 PM

ਜਲੰਧਰ (ਬਿਊਰੋ) : ਪੰਜਾਬ ਸਰਕਾਰ ਨੇ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਉਥੇ ਹੀ ਕੇਂਦਰ ਸਰਕਾਰ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਹੈ। ਟਵਿੱਟਰ ’ਤੇ ਅੰਮ੍ਰਿਤਪਾਲ ਸਿੰਘ ਦੇ ਲਗਭਗ 11 ਹਜ਼ਾਰ ਫਾਲੋਅਰਸ ਸਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ

ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਨੇ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਆਖਿਆ ਹੈ ਕਿ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ। ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਗਿਆ ਸੀ, ਉਸ ਨੂੰ ਬੂਰ ਪੈ ਗਿਆ ਹੈ।

ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ

ਕੇਂਦਰ ਸਰਕਾਰ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਹੈ। ਟਵਿੱਟਰ ’ਤੇ ਅੰਮ੍ਰਿਤਪਾਲ ਸਿੰਘ ਦੇ ਲਗਭਗ 11 ਹਜ਼ਾਰ ਫਾਲੋਅਰਸ ਸਨ। ਦਰਅਸਲ, ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਟਵਿੱਟਰ ਅਕਾਊਂਟ ’ਤੇ ਇਹ ਕਾਰਵਾਈ ਕੀਤੀ ਹੈ।

ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਦੇ ਬੰਧਨ ’ਚ ਬੱਝੇ ਵਿਧਾਇਕਾ ਨਰਿੰਦਰ ਕੌਰ ਭਰਾਜ, ਦੇਖੋ ਤਸਵੀਰਾਂ

 ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਸਮਾਗਮ ਬੜੇ ਹੀ ਸਾਦੇ ਢੰਗ ਨਾਲ ਪਟਿਆਲਾ ਵਿਖੇ ਕੀਤਾ ਗਿਆ। ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਦੀਆਂ ਰਸਮਾਂ ਕੀਤੀਆਂ ਗਈਆਂ।

ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਰ ਤੋਂ ਪੰਜਾਬ ਨੂੰ ਵੱਖਵਾਦ ਅਤੇ ਮੌਤਾਂ ਦੇ ਦੌਰ ਵਿਚ ਨਹੀਂ ਧੱਕ ਸਕਦੇ। 

PCA ਨੂੰ ਲੈ ਕੇ MP ਹਰਭਜਨ ਸਿੰਘ ਦਾ ਖ਼ੁਲਾਸਾ, ਅਹੁਦੇਦਾਰਾਂ ’ਤੇ ਲਾਏ ਵੱਡੇ ਇਲਜ਼ਾਮ 

ਭਾਰਤ ਦੇ ਸਾਬਕਾ ਕ੍ਰਿਕਟਰ ਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੀ. ਸੀ. ਏ. ਦੇ ਕੁਝ ਅਧਿਕਾਰੀ ‘ਨਾਜਾਇਜ਼ ਕੰਮਾਂ’ ਵਿਚ ਸ਼ਾਮਲ ਹਨ। ਹਰਭਜਨ ਨੇ ਪੱਤਰ ’ਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ।

ਅਮਰੀਕਾ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਅਤੇ ਸ਼ੱਕੀ ਨੂੰ ਲੈ ਕੇ ਹੋਇਆ ਨਵਾਂ ਖ਼ੁਲਾਸਾ

ਅਮਰੀਕਾ ਵਿੱਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਦਾ ਸ਼ੱਕੀ ਪਹਿਲਾਂ ਪਰਿਵਾਰ ਲਈ ਕੰਮ ਕਰਦਾ ਸੀ ਅਤੇ ਉਸ ਦਾ ਉਨ੍ਹਾਂ ਨਾਲ ਪੁਰਾਣਾ ਵਿਵਾਦ ਸੀ। ਮਰਸਡ ਕਾਉਂਟੀ ਸ਼ੈਰਿਫ ਨੇ ਇਹ ਜਾਣਕਾਰੀ ਦਿੱਤੀ। ਸ਼ੈਰਿਫ ਨੇ ਇਸ ਨੂੰ "ਬਹੁਤ ਹੀ ਘਿਣਾਉਣੀ" ਕਾਰਵਾਈ ਕਿਹਾ। ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨੇਕੇ ਨੇ ਵੀਰਵਾਰ ਨੂੰ ਕਿਹਾ ਕਿ ਮਾਰੇ ਗਏ ਸਿੱਖ ਪਰਿਵਾਰ ਦੇ ਰਿਸ਼ਤੇਦਾਰ ਇਸ ਘਟਨਾ ਤੋਂ ਡੂੰਘੇ ਸਦਮੇ ਅਤੇ ਦੁਖੀ ਹਨ।

ਲੁਧਿਆਣਾ ਦੇ ਦੁਸਹਿਰਾ ਮੇਲੇ ’ਚ ਖੌਫ਼ਨਾਕ ਘਟਨਾ, ਮੌਤ ਦਾ ਝੂਲਾ ਸਾਬਤ ਹੋਈ ‘ਕਿਸ਼ਤੀ’

ਬੁੱਧਵਾਰ ਰਾਤ 10.30 ਵਜੇ ਦੁਸਹਿਰਾ ਮੇਲੇ ’ਚ ਝੂਲਾ ਝੂਲਦੇ ਸਮੇਂ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਚਚੇਰੇ ਭਰਾ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਖਾਲਸਪੁਰ ਫਤਿਹਗੜ੍ਹ ਸਾਹਿਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੇਲਾ ਪ੍ਰਬੰਧਕਾਂ ਖਿਲਾਫ ਦੋਸ਼ ਲਾਉਂਦੇ ਹੋਏ ਕਿਹਾ ਕਿ ਮ੍ਰਿਤਕ ਗਗਨਦੀਪ ਨਿਵਾਸੀ ਮੁੰਡੀਆਂ ਖੁਰਦ ਲੁਧਿਆਣਾ ਰਾਤ ਨੂੰ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ ਸੀ।

ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦਾ ਮਾਮਲਾ, ਸ਼ੱਕ ਦੇ ਘੇਰੇ ’ਚ ਆਏ ਕਈ ਹੋਰ ਪੁਲਸ ਮੁਲਾਜ਼ਮ

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਮਿਲ ਸ਼ੂਟਰ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀ. ਆਈ. ਏ. ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦਾ 4 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਪੁਲਸ ਨੂੰ ਉਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ।

ਹਰਿਆਣਾ ਕਮੇਟੀ ਖ਼ਿਲਾਫ਼ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਇਆ ਪੰਥਕ ਰੋਸ ਮਾਰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਦੇ ਦੋਸ਼ਾਂ ਤਹਿਤ ਐੱਸ. ਜੀ. ਪੀ. ਸੀ. ਵਲੋਂ ਦਿੱਤੇ ਸੱਦੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਥਕ ਰੋਸ ਮਾਰਚ ਕੱਢੇ ਗਏ। ਇਸ ਵਿਚ ਵਿਸ਼ੇਸ਼ ਤੌਰ ’ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਰੋਸ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ, ਉਥੇ ਹੀ ਸਮਾਜਿਕ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੀ ਇਸ ਰੋਸ ਮਾਰਚ ਵਿਚ ਸ਼ਿਰਕਤ ਕੀਤੀ।

ਵੱਡੀ ਖ਼ਬਰ : ਮੋਹਾਲੀ ਇੰਟੈਲੀਜੈਂਸ ਹੈੱਡਕੁਆਟਰ 'ਤੇ RPG ਹਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

 ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਹਾਲੀ 'ਚ ਪੁਲਸ ਇੰਟੈਲੀਜੈਂਸ ਦੇ ਹੈੱਡ ਕੁਆਰਟਰ ਉੱਪਰ ਆਰ.ਪੀ.ਜੀ. ਹਮਲੇ ਮਾਮਲੇ 'ਚ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਸ਼ਲ ਸੈੱਲ ਨੇ ਅੱਤਵਾਦੀ ਅਤੇ ਗੈਂਗਸਟਰ ਕੁਨੈਕਸ਼ਨ ਦਾ ਖ਼ੁਲਾਸਾ ਕੀਤਾ ਹੈ। 

 

 

Manoj

This news is Content Editor Manoj