SGPC ਚੋਣਾਂ ਬਾਰੇ ਮਾਨ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, NIA ਨੇ ਰਿਮਾਂਡ 'ਤੇ ਲਿਆ ਲਾਰੈਂਸ ਬਿਸ਼ਨੋਈ, ਪੜ੍ਹੋ Top 10

11/24/2022 8:11:40 PM

ਜਲੰਧਰ (ਬਿਊਰੋ) : ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਲਈ ਸਿਫਾਰਿਸ਼ ਕੀਤੀ ਜਾਵੇਗੀ ਤਾਂ ਉੱਧਰ ਐੱਨ. ਆਈ. ਏ. ਨੂੰ ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪੜ੍ਹੋ TOP 10 ਖ਼ਬਰਾਂ...

ਐੱਸ. ਜੀ. ਪੀ. ਸੀ. ਦੀਆਂ ਚੋਣਾਂ ਨੂੰ ਲੈ ਕੇ ਮਾਨ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀਆਂ ਆਮ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਿਸ਼ ਕਰੇਗੀ। ਹਾਲਾਂਕਿ 'ਆਪ' ਇਨ੍ਹਾਂ ਚੋਣਾਂ ਵਿਚ ਸਿੱਧੇ ਤੌਰ 'ਤੇ ਹਿੱਸਾ ਨਹੀਂ ਲਵੇਗੀ ਪਰ ਉਹ ਆਪਣੇ ਕਰੀਬੀ ਸਮਰਥਕਾਂ ਦਾ ਸਾਥ ਦੇਵੇਗੀ। ਸਰਕਾਰ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਅਕਾਲੀ ਦਲ ਅੰਮ੍ਰਿਤਸਰ ਦੀ ਮੰਗ ਨੂੰ ਆਧਾਰ ਬਣਾਇਆ ਹੈ।

ਸਾਢੇ 4 ਮਹੀਨਿਆਂ ਮਗਰੋਂ ਦਿੱਲੀ ਜਾਵੇਗਾ ਲਾਰੈਂਸ ਬਿਸ਼ਨੋਈ, NIA ਨੂੰ ਮਿਲਿਆ 10 ਦਿਨ ਦਾ ਰਿਮਾਂਡ

NIA ਨੂੰ ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ NIA ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮੁੱਖ ਮੁਲਜ਼ਮ ਹੈ ਅਤੇ ਉਹ ਸਾਢੇ 4 ਮਹੀਨਿਆਂ ਬਾਅਦ ਪੰਜਾਬ ਤੋਂ ਬਾਹਰ ਜਾ ਰਿਹਾ ਹੈ। NIA ਨੇ ਬਿਸ਼ਨੋਈ ਨੂੰ ਵੀਰਵਾਰ ਸਵੇਰ ਯੂ. ਏ. ਪੀ. ਏ. ਤਹਿਤ ਹਿਰਾਸਤ 'ਚ ਲੈਣ ਤੋਂ ਬਾਅਦ ਅੱਜ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ NIA ਅਦਾਲਤ 'ਚ ਪੇਸ਼ ਕੀਤਾ।

ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

ਸਿੱਧੂ ਮੂਸੇ ਵਾਲਾ ਦਾ ਕੁਝ ਦਿਨ ਪਹਿਲਾਂ ਗੀਤ ‘ਵਾਰ’ ਰਿਲੀਜ਼ ਹੋਇਆ ਸੀ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਸਿੱਧੂ ਦੀ ਮੌਤ ਮਗਰੋਂ ਹੁਣ ਤਕ ਉਸ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾਂ ‘ਐੱਸ. ਵਾਈ. ਐੱਲ.’ ਤੇ ਦੂਜਾ ‘ਵਾਰ’। ਹੁਣ ਸਿੱਧੂ ਮੂਸੇ ਵਾਲਾ ਦੇ ਤੀਜੇ ਗੀਤ ਦਾ ਐਲਾਨ ਵੀ ਹੋ ਚੁੱਕਾ ਹੈ। ਸਿੱਧੂ ਦੇ ਤੀਜੇ ਗੀਤ ਦਾ ਨਾਂ ‘ਮੇਰਾ ਨਾਂ’ (ਮਾਈ ਨੇਮ) ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਨਾਲ ਬੁਰਨਾ ਬੁਆਏ ਨੇ ਵੀ ਗਾਇਆ ਹੈ।

ਸੁਧੀਰ ਸੂਰੀ ਕਤਲ ਮਾਮਲੇ ਨੂੰ ਨਾ ਦਿੱਤੀ ਜਾਵੇ ਹਿੰਦੂ-ਸਿੱਖ ਰੰਗਤ - ਬਿਕਰਮ ਮਜੀਠੀਆ

4 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋਏ ਹਿੰਦੂ ਨੇਤਾ ਸੁਧੀਰ ਸੂਰੀ ਕਤਲ ਮਾਮਲੇ ’ਚ ਨਾਮਜਦ ਨੌਜਵਾਨ ਸੰਦੀਪ ਸਿੰਘ ਦੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ’ਚ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫੰਰਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ’ਚ ਹੋਏ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਸ ਵੱਲੋਂ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ

ਛੋਟੇ ਭਰਾ ਵਲੋਂ ਸ਼ਰਾਬ ਦੇ ਨਸ਼ੇ 'ਚ ਬੇਰਹਿਮੀ ਨਾਲ ਪੈਟਰੋਲ ਪਾ ਕੇ ਸਾੜ ਕੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਵਾਸੀ ਪਿੰਡ ਝੂੰਦਾਵਜੋਂ ਹੋਈ ਹੈ। ਬੀਤੇ ਕੁਝ ਦਿਨਾਂ ਤੋਂ ਗੰਭੀਰ ਜ਼ਖ਼ਮੀ ਹੋਣ ਕਾਰਨ ਉਕਤ ਵਿਅਕਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ , ਜਿਸ ਦੇ ਚੱਲਦਿਆਂ ਥਾਣਾ ਅਮਰਗੜ੍ਹ ਪੁਲਸ ਵਲੋਂ ਪਹਿਲਾਂ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਬੀਤੇ ਦਿਨੀਂ ਉਸ ਦੀ ਮੌਤ ਹੋਣ ਤੋਂ ਬਾਅਦ ਪੁਲਸ ਨੇ ਉਸ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਬਹਿਬਲ ਕਲਾਂ ਇਨਸਾਫ਼ ਮੋਰਚੇ 'ਤੇ ਪਹੁੰਚੀ SIT , ਪੀੜਤ ਪਰਿਵਾਰਾਂ ਅਤੇ ਗਵਾਹਾਂ ਨਾਲ ਕੀਤੀ ਗੱਲਬਾਤ

ਕੋਟਕਪੂਰਾ 'ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਲਈ ਇਨਸਾਫ਼ ਦੀ ਮੰਗ ਦੇ ਚੱਲਦਿਆਂ 2015 ਤੋਂ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਅਤੇ ਇਸ ਦੀ ਜਾਂਚ ਵੀ ਲਗਾਤਾਰ ਕੀਤੀ ਜਾ ਰਹੀ ਹੈ। IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ ਪਹੁੰਚੀ। ਇਸ ਮੌਕੇ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਅਕੇ ਬਟਾਲਾ ਦੇ ਐੱਸ. ਆਰ. ਐੱਸ. ਪੀ. ਸਤਿੰਦਰ ਵੀ ਹਾਜ਼ਰ ਸਨ।

ਫਗਵਾੜਾ 'ਚ ਸ਼ਰਮਨਾਕ ਘਟਨਾ: ਗੁਆਂਢੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਨਾਬਾਲਗ ਕੁੜੀ ਦੀ ਮਾਂ ਨੇ ਥਾਣਾ ਸਤਨਾਮਪੁਰਾ ਪੁਲਸ ਫਗਵਾੜਾ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਮੱਖਣ ਲਾਲ ਪੁੱਤਰ ਪਿਆਰਾ ਲਾਲਾ ਵਾਸੀ ਭਾਣੋਕੀ ਨੇ ਉਸ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਹੈ।

ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ

ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਦੇ ਉੱਤਰੀ ਰਾਮਚੰਦਰਘਾਟ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਅੱਧੀ ਰਾਤ ਨੂੰ ਆਪਣੀਆਂ ਦੋ ਧੀਆਂ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਉਸ ਨੇ ਕੁੜੀਆਂ ਦਾ ਬਚਾਅ ਕਰਨ ਆਏ ਆਪਣੇ ਵੱਡੇ ਭਰਾ ਦਾ ਵੀ ਲਿਹਾਜ਼ ਨਹੀਂ ਕੀਤਾ ਅਤੇ ਉਸ ਦਾ ਵੀ ਕਤਲ ਕਰ ਦਿੱਤਾ। ਪਰਿਵਾਰ ਦੇ 3 ਮੈਂਬਰਾਂ ਨੂੰ ਮਾਰਨ ਤੋਂ ਬਾਅਦ ਉਹ ਸੜਕ 'ਤੇ ਉਤਰ ਆਇਆ ਅਤੇ ਰਾਹਗੀਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਪਿਓ ਨੇ ਹਾਰਟ ਅਟੈਕ ਦੱਸ ਕੀਤਾ ਪੁੱਤ ਦਾ ਸਸਕਾਰ, ਪੋਤੀ ਨੇ ਖੋਲ੍ਹੀਆਂ ਪਰਤਾਂ ਤਾਂ ਲੋਕ ਰਹਿ ਗਏ ਹੈਰਾਨ

ਨੇੜ੍ਹਲੇ ਪਿੰਡ ਭੌਰਲਾ ਬੇਟ ਵਿਖੇ ਪਿਤਾ ਤੋਂ ਦੁਖੀ ਹੋ ਕੇ ਉਸਦੇ ਪੁੱਤਰ ਜਗਤਾਰ ਸਿੰਘ ਉਰਫ਼ ਜੱਗੀ ਨੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਦਾਦਾ ਹਰਨੇਕ ਸਿੰਘ ਯੂ. ਪੀ. ਵਿਖੇ ਖੇਤੀਬਾੜੀ ਦਾ ਕੰਮ ਕਰਦਾ ਹੈ ਜੋ ਕਿ ਕੁਝ ਦਿਨਾਂ ਤੋਂ ਸਾਡੇ ਕੋਲ ਪਿੰਡ ਵਿਖੇ ਆਇਆ ਹੋਇਆ ਹੈ। ਮੇਰੇ ਦਾਦਾ ਜੀ ਇੱਕ ਡੈੱਕ ਲੈ ਕੇ ਆਏ ਸਨ ਜੋ ਕਿ ਖ਼ਰਾਬ ਹੋ ਗਿਆ ਸੀ ਅਤੇ 22 ਨਵੰਬਰ ਨੂੰ ਸ਼ਰਾਬ ਪੀ ਕੇ ਉਨ੍ਹਾਂ ਨੇ ਮੇਰੇ ਪਿਤਾ ਜਗਤਾਰ ਸਿੰਘ ਨੂੰ ਕਿਹਾ ਕਿ ਤੂੰ ਡੈੱਕ ਖ਼ਰਾਬ ਕਰ ਦਿੱਤਾ ਹੈ ਜਿਸ ’ਤੇ ਉਨ੍ਹਾਂ ਦੇ ਚਪੇੜਾਂ ਵੀ ਮਾਰੀਆਂ।

ਜਲੰਧਰ ਵਿਖੇ ਵੱਡਾ ਹਾਦਸਾ, ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਟਰੱਕ 'ਚ ਵੱਜੀ, ਵੇਂਈ 'ਚ ਡਿੱਗਾ ਵਾਹਨ

ਜਲੰਧਰ ਦੇ ਮਲਸੀਆਂ ਵਿਖੇ ਡੇਰੇ 'ਤੇ ਜਾ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਇਥੇ ਇਕ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ ਹੋਈ। ਜਾਣਕਾਰੀ ਮੁਤਾਬਕ ਤਰਨਤਾਰਨ ਦੇ ਇਕ ਪਿੰਡ ਦੀ ਸੰਗਤ ਟਰੈਕਟਰ-ਟਰਾਲੀ ਵਿਚ ਸਵਾਰ ਹੋ ਕੇ ਨਕੋਦਰ ਵਿਖੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਜਾ ਰਹੀ ਸੀ। ਇਸੇ ਦੌਰਾਨ ਮਲਸੀਆਂ ਵਿਖੇ ਟਰੱਕ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News